ਚੰਡੀਗੜ੍ਹ, 8 ਨਵੰਬਰ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਸਮਸਿਆਵਾਂ ਦੇ ਹੱਲ ਲਈ ਲੋਕਾਂ ਨਾਲ ਅਨੇਕ ਵਾਅਦੇ ਅਤੇ ਦਾਅਵੇ ਕੀਤੇ ਸਨ। ਇਨ੍ਹਾਂ ਦਾਅਵਿਆਂ ਵਿਚ ਪੰਜਾਬ ਵਿੱਚ ਸਾੜੇ ਜਾਣ ਵਾਲੀ ਪਰਾਲੀ ਬਾਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਲੋਕਾਂ ਨੂੰ ਕਈ ਉਪਾਅ ਦੱਸੇ ਸਨ ਪ੍ਰੰਤੂ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਇਹ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ।
ਬੀਬੀ ਗੁਲਸ਼ਨ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਪੁਰਾਣੀਆਂ ਵੀਡਿਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਪਰਾਲੀ ਦਾ ਹੱਲ ਨਾ ਕੱਢਣ ਤੇ ਉਸ ਸਮੇਂ ਦੀ ਮੌਜੂਦ ਸਰਕਾਰ ਤੇ ਕਈ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਪਰਾਲੀ ਦੀ ਸਾਂਭ – ਸੰਭਾਲ ਅਤੇ ਟਰਾਂਸਪੋਰਟੇਸ਼ਨ ਦਾ ਜ਼ਿੰਮਾ ਸੂਬਾ ਸਰਕਾਰ ਦਾ ਹੁੰਦਾ ਹੈ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਇਕ ਟੀਵੀ ਇੰਟਵਿਊ ਵਿਚ ਕਿਹਾ ਸੀ ਕਿ “ਉਨ੍ਹਾਂ ਵਲੋ ਪਰਾਲੀ ਦੇ ਹੱਲ ਕੱਢ ਲਿਆ ਗਿਆ ਹੈ ਅਤੇ ਇੱਕ ਅਜਿਹਾ ਕੈਮੀਕਲ ਤਿਆਰ ਕੀਤਾ ਗਿਆ ਹੈ ਜਿਸ ਨਾਲ ਪਰਾਲੀ ਗਲ ਜਾਂਦੀ ਹੈ ਤੇ ਉਹ ਖਾਦ ਵਿਚ ਤਬਦੀਲ ਹੋ ਜਾਂਦੀ ਹੈ ਅਤੇ ਇਸ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਦਿੱਲੀ ਵਿਚ ਪਰਾਲੀ ਦੀ ਸੱਮਸਿਆ ਤੋਂ ਛੁਟਕਾਰਾ ਮਿਲ ਗਿਆ ਹੈ। ਇਕ ਹੋਰ ਇੰਟਰਵਿਊ ਵਿਚ ਕੇਜਰੀਵਾਲ ਪਰਾਲੀ ਨੂੰ ਸਾੜਕੇ ਕੋਲਾ ਤੇ ਬਿਜਲੀ ਬਣਾਉਣ ਵਾਲੀ ਫੈਕਟਰੀ ਦੀ ਗੱਲ ਕਰ ਰਹੇ ਹਨ। ਜਿਸ ਵਿਚ ਫੈਕਟਰੀ ਵਾਲੇ ਖੁਦ ਕਿਸਾਨਾਂ ਤੋ ਪਰਾਲੀ ਲੈਕੇ ਜਾਣਗੇ ਆਏ ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਏਕੜ ਜ਼ਮੀਨ ਦੇ ਹਿਸਾਬ ਨਾਲ ਪੈਸੇ ਵੀ ਮਿਲਣਗੇ। ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਵਿੱਚ ਅਜਿਹੀਆਂ ਕਈ ਫੈਕਟਰੀਆਂ ਖੋਲ੍ਹੀਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਜਰੂਰਤ ਨਹੀ ਪਵੇਗੀ ਉਨ੍ਹਾਂ ਨੂੰ ਮਸ਼ੀਨਾਂ ਦਿੱਤੀਆਂ ਜਾਣਗੀਆਂ ।ਜਿਸ ਨਾਲ ਉਨ੍ਹਾਂ ਪਰਾਲੀ ਨੂੰ ਇਕੱਠਾ ਕਰਕੇ ਵੇਚਿਆ ਜਾ ਸਕੇਗਾ।” ਬੀਬੀ ਗੁਲਸ਼ਨ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਕੋਲੇ ਪਰਾਲੀ ਦੇ ਹੱਲ ਦੇ ਇਨੇ ਸਾਰੇ ਉਪਾਅ ਮੌਜੂਦ ਹਨ ਤਾਂ ਉਹ ਇਨ੍ਹਾਂ ਨੂੰ ਪੰਜਾਬ ਵਿਚ ਕਿਉ ਲਾਗੂ ਨਹੀਂ ਕਰਦੇ? ਅਤੇ ਕਿਸਾਨਾਂ ਨੂੰ ਕਿਉ ਬੇਵਜ੍ਹਾ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁੱਛਿਆ ਕਿ ਹੁਣ ਜਦੋਂ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਬਣ ਗਈ ਹੈ ਤਾਂ ਉਹ ਪਰਾਲੀ ਦੇ ਹੱਲ ਲਈ ਲੋਕਾਂ ਨਾਲ ਕੀਤੇ ਗਏ ਦਾਅਵੇ ਅਤੇ ਵਾਅਦੇ ਕਿਉ ਭੁੱਲ ਗਏ ਹਨ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਚ ਪਰਾਲੀ ਸਬੰਧੀ ਕਿਸਾਨਾਂ ਨੂੰ ਸਬ ਤੋ ਵੱਧ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਇਸ ਸਭ ਦੇ ਵਿਚਕਾਰ ਸਰਕਾਰੀ ਮੁਲਾਜ਼ਮ ਵੀ ਪ੍ਰੇਸ਼ਾਨ ਹੋ ਰਹੇ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਹੁਣ ਇਕ ਗੱਲ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਸੱਤਾ ਹਾਸਲ ਕਰਨ ਲਈ ਕਿਸੇ ਵੀ ਹੇਠਲੇ ਪੱਧਰ ਤੇ ਜਾ ਸਕਦੇ ਹਨ ਅਤੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਗੁੰਮਰਾਹ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨਾਲ ਪਰਾਲੀ ਦੇ ਹੱਲ ਲਈ ਕੀਤੇ ਗਏ ਦਾਅਵੇ ਅਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।