ਜਲੰਧਰ – ਪੰਜਾਬ ’ਚ ਸੋਮਵਾਰ ਰਾਤ ਪਏ ਭਾਰੀ ਮੀਂਹ ਨੇ ਮੌਸਮ ਦਾ ਮਿਜਾਜ਼ ਇਕਦਮ ਬਦਲ ਦਿੱਤਾ ਹੈ, ਜਿਸ ਨੇ ਸਰਦੀਆਂ ਦੀ ਦਸਤਕ ਦਾ ਅਹਿਸਾਸ ਕਰਾ ਦਿੱਤਾ। ਰਾਤ 11.30 ਵਜੇ ਤੋਂ ਬਾਅਦ ਲਗਭਗ ਅੱਧਾ ਘੰਟਾ ਮੀਂਹ ਪੈਣ ਕਾਰਨ ਤਾਪਮਾਨ ’ਚ 4 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਇਸ ਦੌਰਾਨ 25 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਨਾਲ ਕਈ ਇਲਾਕਿਆਂ ’ਚ ਦਰੱਖਤ ਆਦਿ ਡਿੱਗਣ ਦੀਆਂ ਖ਼ਬਰਾਂ ਹਨ।
ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦਰੱਖਤ ਡਿੱਗਣ ਕਾਰਨ ਵਾਹਨਾਂ ਆਦਿ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਮੌਸਮ ’ਚ ਆਏ ਬਦਲਾਅ ਕਾਰਨ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ’ਚ ਤਾਪਮਾਨ ’ਚ ਗਿਰਾਵਟ ਕਾਰਨ ਸਰਦੀ ਸ਼ੁਰੂ ਹੋ ਜਾਵੇਗੀ।
ਇਸ ਦੌਰਾਨ ਦੁਪਹਿਰ ਵੇਲੇ ਭਾਵੇਂ ਗਰਮੀ ਰਹੇ ਪਰ ਰਾਤ ਨੂੰ ਮੌਸਮ ਬਦਲਿਆ ਹੋਇਆ ਮਹਿਸੂਸ ਹੋਵੇਗਾ। ਇਸ ਕਾਰਨ ਏ. ਸੀ. ਦੀ ਵਰਤੋਂ ’ਚ ਕਮੀ ਆਵੇਗੀ, ਜਿਸ ਕਾਰਨ ਬਿਜਲੀ ਦੀ ਖ਼ਪਤ ਵੀ ਘਟੇਗੀ।