ਲੁਧਿਆਣਾ -ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਕਾਦੀਆਂ ਦੇ ਮੋੜ ਕੋਲ ਇਕ ਨਿੱਜੀ ਕੰਪਨੀ ਦੀ ਬੱਸ ’ਚ ਅਚਾਨਕ ਅੱਗ ਲੱਗਣ ਕਾਰਨ ਬੱਸ ਪੂਰੀ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਪੁੱਜੇ ਥਾਣਾ ਲਾਡੋਵਾਲ ਦੇ ਇੰਚਾਰਜ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੌਣੇ 8 ਵਜੇ ਸੂਚਨਾ ਮਿਲੀ ਸੀ ਕਿ ਕਾਦੀਆਂ ਮੋੜ ’ਤੇ ਇਕ ਪ੍ਰਾਈਵੇਟ ਬੱਸ ਨੂੰ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ, ਉਦੋਂ ਤੱਕ ਬੱਸ ’ਚ ਪੂਰੀ ਤਰ੍ਹਾਂ ਅੱਗ ਲੱਗ ਚੁੱਕੀ ਸੀ।
ਥਾਣਾ ਇੰਚਾਰਜ ਨੇ ਦੱਸਿਆ ਕਿ ਨਿਊ ਪੰਜਾਬ ਕੰਪਨੀ ਦੀ ਬੱਸ ਜਲੰਧਰ ਦੇ ਭੋਗਪੁਰ ਤੋਂ ਸੰਗਤ ਨੂੰ ਮੱਥਾ ਟਿਕਾਉਣ ਲਈ ਫਤਿਹਗੜ੍ਹ ਸਾਹਿਬ ਲਿਜਾ ਰਹੀ ਸੀ। ਬੱਸ ’ਚ ਕੁਲ 45 ਸਵਾਰੀਆਂ ਸਵਾਰ ਸਨ। ਜਦ ਬੱਸ ਹਾਰਡੀਜ਼ ਵਰਲਡ ਦਾ ਪੁਲ ਪਾਰ ਕਰ ਰਹੀ ਸੀ ਤਾਂ ਡਰਾਈਵਰ ਮਨਜੀਤ ਸਿੰਘ ਨੇ ਬੱਸ ਹੌਲੀ ਕਰ ਦਿੱਤੀ ਅਤੇ ਬੱਸ ਕਾਦੀਆਂ ਦੇ ਸ਼ੈਲਰ ਦੇ ਸਾਹਮਣੇ ਇਕ ਸਾਈਡ ’ਤੇ ਖੜ੍ਹੀ ਕਰ ਦਿੱਤੀ।
ਇਸ ਤੋਂ ਬਾਅਦ ਡਰਾਈਵਰ ਨੇ ਜਲਦ ਹੀ ਬੱਸ ’ਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਅਤੇ ਥੋੜ੍ਹੀ ਦੂਰੀ ’ਤੇ ਖੜ੍ਹੀ ਕਰ ਦਿੱਤੀ। ਕੁਝ ਹੀ ਮਿੰਟਾਂ ’ਚ ਅੱਗ ਨੇ ਬੱਸ ਨੂੰ ਪੂਰੀ ਤਰ੍ਹਾਂ ਲਪੇਟ ’ਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਬੱਸ ਅੱਗ ਦੀਆਂ ਲਪਟਾਂ ’ਚ ਸੜਨ ਲੱਗੀ, ਜਿਸ ਤੋਂ ਬਾਅਦ ਪੁਲਸ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਦਸੇ ’ਚ ਸਾਰੇ ਲੋਕ ਸੁਰੱਖਿਅਤ ਬਚ ਗਏ ਹਨ। ਅੱਗ ਲੱਗਣ ਦੇ ਸਹੀ ਕਾਰਨਾਂ ਦੀ ਪੁਲਸ ਜਾਂਚ ਕਰ ਰਹੀ ਹੈ।