ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਇਹ ਜੰਗਲ ਰਾਜ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਕਾਂਗਰਸ ਮੇਰਾ ਪਰਿਵਾਰ ਹੈ ਅਤੇ ਹਰ ਲੀਡਰ ਅਤੇ ਵਰਕਰ ਨਾਲ ਮੈਂ ਚੱਟਾਨ ਬਣ ਕੇ ਖੜ੍ਹਾਂ ਹਾਂ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਹ ਸੁਖਪਾਲ ਖਹਿਰਾ ਦੇ ਪਰਿਵਾਰ ਨਾਲ ਮਿਲੇ ਹਨ ਅਤੇ ਅਗਲੀ ਕਾਨੂੰਨੀ ਲੜਾਈ ਲਈ ਵਿਚਾਰ-ਵਟਾਂਦਰਾ ਕੀਤਾ ਹੈ।
ਦੱਸਣਯੋਗ ਹੈ ਕਿ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਚੰਡੀਗੜ੍ਹ ਪੁਲਸ ਨੇ ਨਹੀਂ, ਸਗੋਂ ਜਲਾਲਾਬਾਦ ਪੁਲਸ ਵੱਲੋਂ ਕੀਤੀ ਗਈ ਹੈ। ਪੁਲਸ ਮੁਤਾਬਕ ਇਹ ਕਾਰਵਾਈ ਖਹਿਰਾ ਖ਼ਿਲਾਫ਼ 2015 ਦੇ ਐੱਨ. ਡੀ. ਪੀ. ਐੱਸ. ਮਾਮਲੇ ‘ਚ ਕੀਤੀ ਗਈ ਹੈ।