ਪਟਿਆਲਾ – ਪੰਜਾਬ ‘ਚ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਪਰਾਲੇ ਕਰ ਰਹੀ ਹੈ ਤਾਂ ਜੋ ਵਾਤਾਵਰਣ ਦੂਸ਼ਿਤ ਨਾ ਹੋਵੇ। ਇਸੇ ਦੇ ਤਹਿਤ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਪੋ-ਆਪਣੇ ਪੱਧਰ ‘ਤੇ ਇਹ ਪ੍ਰਬੰਧ ਕਰਨ ‘ਚ ਰੁੱਝੇ ਹੋਏ ਹਨ ਕਿ ਪਰਾਲੀ ਨਾ ਸਾੜੀ ਜਾਵੇ। ਹੁਣ ਪਟਿਆਲਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਸਕੂਲ ‘ਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਤੋਂ ਪਰਾਲੀ ਨਾ ਸਾੜਨ ਦੇ ਸਵੈ ਘੋਸ਼ਣਾ ਪੱਤਰ ਲਏ ਜਾਣ।
ਇਸ ਦੇ ਤਹਿਤ ਪਟਿਆਲਾ ‘ਚ ਸਕੂਲਾਂ ਦੇ ਅਧਿਆਪਕਾਂ ਤੋਂ ਪਰਾਲੀ ਨਾ ਸਾੜਨ ਸਬੰਧੀ ਐਲਾਨ ਪੱਤਰ ਲਏ ਜਾ ਰਹੇ ਹਨ। ਦੱਸਣਯੋਗ ਹੈ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਅਹਿਮ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਅਧਿਆਪਕਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਘੋਸ਼ਣਾ ਪੱਤਰ ਸਕੂਲ ਦੇ ਰਿਕਾਰਡ ‘ਚ ਰੱਖੇ ਜਾਣਗੇ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤੇ ਹਨ ਕਿ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ‘ਚ ਰੋਜ਼ਾਨਾ ਪਰਾਲੀ ਨਾ ਸਾੜੇ ਜਾਣ ਸਬੰਧੀ ਲੈਕਚਰ ਦਿੱਤੇ ਜਾਣ। ਇਸ ਸਬੰਧੀ ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ, ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣ।