ਫਿਰੋਜ਼ਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ 21 ਸਿੱਖ ਸੂਰਮਿਆਂ ਦੀ ਯਾਦ ‘ਚ ਬਣਨ ਵਾਲੀ ਯਾਦਗਾਰ ਦਾ ਨਿਰਮਾਣ ਕਾਰਜ 6 ਮਹੀਨਿਆਂ ‘ਚ ਮੁਕੰਮਲ ਕਰਨ ਦਾ ਐਲਾਨ ਕੀਤਾ। ਇੱਥੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਯਾਦਗਾਰ ਦੀ ਉਸਾਰੀ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦਾ ਕੰਮ ਹਰ ਹਾਲ ‘ਚ 6 ਮਹੀਨਿਆਂ ‘ਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਜੰਗ ਦੌਰਾਨ ਸੈਨਿਕਾਂ ਦੀ ਸੂਰਮਗਤੀ ਅਤੇ ਕੁਰਬਾਨੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।
ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਦੌਰਾਨ ਦੁਸ਼ਮਣ ਨਾਲ ਟੱਕਰ ਲੈਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ 21 ਬਹਾਦਰ ਸੈਨਿਕਾਂ ਦੀ ਲਾਮਿਸਾਲ ਕੁਰਬਾਨੀ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਸੂਰਬੀਰਤਾ ਦੀ ਲਾਮਿਸਾਲ ਗਾਥਾ ਹੈ, ਜਿਸ ਦਾ ਇਤਿਹਾਸ ‘ਚ ਕੋਈ ਵੀ ਸਾਨ੍ਹੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਅੱਗੇ ਸਿਜਦਾ ਕਰਦੇ ਹਨ ਜਿਨ੍ਹਾਂ ਨੇ ਦੁਸ਼ਮਣ ਅੱਗੇ ਗੋਡੇ ਟੇਕਣ ਦੀ ਬਜਾਏ ਮੌਤ ਨੂੰ ਤਰਜ਼ੀਹ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 36 ਸਿੱਖ ਦੇ ਸੈਨਿਕਾਂ ਦੀ ਮਿਸਾਲੀ ਗਾਥਾ ਸਮਾਣਾ ਰਿੱਜ (ਹੁਣ ਪਾਕਿਸਤਾਨ) ਵਿਖੇ ਵਾਪਰੀ ਹੈ, ਜਿਨ੍ਹਾਂ ਨੇ 12 ਸਤੰਬਰ, 1897 ਨੂੰ 10,000 ਅਫ਼ਗਾਨੀਆਂ ਦੇ ਹਮਲੇ ਖ਼ਿਲਾਫ਼ ਗਹਿਗੱਚ ਲੜਾਈ ਲੜਦਿਆਂ ਕੁਰਬਾਨੀ ਦੇ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਭਾਰਤੀ ਫ਼ੌਜ ਦੇ ਇਤਿਹਾਸ ‘ਚ ਮਿਸਾਲ ਬਣੀ ਰਹੇਗੀ ਅਤੇ ਇਹ ਵੀ ਯਾਦ ਕਰਵਾਉਂਦੀ ਰਹੇਗੀ ਕਿ ਜਦੋਂ ਵੀ ਪੰਜਾਬੀਆਂ ਨੂੰ ਪਿਛਾਂਹ ਧੱਕਣ ਦੀ ਕੋਸ਼ਿਸ਼ ਹੋਈ ਤਾਂ ਉਸ ਵੇਲੇ ਉਹ ਆਪਣੀ ਸਮਰੱਥਾ ਤੋਂ ਵੱਧ ਤਾਕਤਵਾਰ ਹੋ ਕੇ ਖੜ੍ਹੇ ਹੋ ਸਕਦੇ ਹਨ। ਜੰਗ ਦੌਰਾਨ ਦਿਖਾਏ ਜੁਝਾਰੂਪੁਣੇ ਦੇ ਪਾਸਾਰ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਫ਼ੌਜ ਦੇ ਇਤਿਹਾਸ ਵਿੱਚ ਆਖ਼ਰੀ ਸਾਹ ਤੱਕ ਮਰ ਮਿਟਣ ਦੇ ਮਹਾਨ ਵਿਰਸੇ ਨੂੰ ਨੌਜਵਾਨਾਂ ਵਿੱਚ ਪ੍ਰੇਰਨਾ ਦੇ ਪ੍ਰਤੀਕ ਵਜੋਂ ਉਭਾਰਨ ਲਈ ਵਚਨਬੱਧ ਹੈ।