ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੀ ਪੀ. ਏ. ਪੀ. ਗਰਾਊਂਡ ਵਿਚ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਸਨ। ਇਸ ਦੌਰਾਨ ਆਪਣੇ ਸੰਬੋਧਨ ‘ਚ ਜਿੱਥੇ ਉਨ੍ਹਾਂ ਰਾਜਾ ਵੜਿੰਗ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬੀ ਦੇ ਪੇਪਰ ਵਿਚੋਂ 45 ਫ਼ੀਸਦੀ ਲੈ ਕੇ ਵਿਖਾਉਣ ਦਾ ਚੈਲੰਜ ਦਿੱਤਾ, ਉਥੇ ਹੀ ਉਨ੍ਹਾਂ ਵਿਰੋਧੀਆਂ ‘ਤੇ ਖ਼ੂਬ ਤੰਜ ਵੀ ਕੱਸੇ। ਪਿਛਲੀਆਂ ਸਰਕਾਰਾਂ ਵੱਲੋਂ ਲੁੱਟੇ ਗਏ ਪੰਜਾਬ ਦੇ ਪੈਸੇ ਨੂੰ ਲੈ ਕੇ ਬੋਲਦੇ ਹੋਏ ਭਗੰਵਤ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਮੇਰੇ ਵਿਰੁੱਧ ਬੋਲਣ ਲਈ ਕੋਈ ਮੁੱਦਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਉਪਰ ਕੋਈ ਇਕ ਪੈਸੇ ਦਾ ਵੀ ਦੋਸ਼ ਨਹੀਂ ਲਗਾ ਸਕਦਾ। ਮੈਂ ਜਨਤਾ ਦਾ ਪੈਸਾ ਲੁੱਟਣ ਦੀ ਜਗ੍ਹਾਂ ਸਲਫ਼ਾਸ ਦੀਆਂ ਗੋਲ਼ੀਆਂ ਵੱਲ ਜਾਵਾਂਗਾ। ਸਰਕਾਰ ਦਾ ਪੈਸਾ ਲੁੱਟਣ ਦੀ ਬਜਾਏ ਸਲਫ਼ਾਸ ਦੀਆਂ ਗੋਲ਼ੀਆਂ ਖਾਣਾ ਪਸੰਦ ਕਰਾਂਗਾ।
ਪਾਰਦਰਸ਼ਤਾ ਨਾਲ ਦਿੱਤੀਆਂ ਜਾਣਗੀਆਂ ਨੌਕਰੀਆਂ
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ 560 ਸਬ-ਇੰਸਪੈਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਵੱਡਾ ਹੈ ਕਿਉਂਕਿ ਇਹ ਨੌਕਰੀ ਬਿਨਾਂ ਕਿਸੇ ਪੈਸੇ ਜਾਂ ਸਿਫ਼ਾਰਸ਼ ਤੋਂ ਮਿਲੀ ਹੈ ਪਰ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਪਹਿਲਾਂ ਸਿਫ਼ਾਰਿਸ਼ ਅਤੇ ਪੈਸੇ ਦੇ ਆਧਾਰ ‘ਤੇ ਨੌਕਰੀਆਂ ਮਿਲਦੀਆਂ ਸਨ। ਮੈਰਿਟ ‘ਤੇ ਆਏ ਲੋਕਾਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਣਗੇ ਜਾਂ ਨਹੀਂ ਪਰ ‘ਆਪ’ ਨੇ ਸੱਤਾ ‘ਚ ਆਉਣ ਤੋਂ ਬਾਅਦ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਹੈ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਲਪੇਟੇ ‘ਚ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖਾਲੀ ਖਜ਼ਾਨਾ ਬੋਲਣ ਵਾਲੇ ਵਿੱਤ ਮੰਤਰੀ ਨੂੰ ਪੰਜਾਬੀ ਦੀ ਅਖ਼ਬਾਰ ਮੈਂ ਪੜ੍ਹ ਕੇ ਸੁਣਾਉਂਦਾ ਰਿਹਾ ਹਾਂ। ਜਿਨ੍ਹਾਂ ਸਕੂਲਾਂ ਵਿੱਚ ਇਹ ਪੜ੍ਹੇ ਹਨ ਉਥੇ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ ਸੀ। ਇਹ ਸਾਨੂੰ ਪੰਜਾਬੀ ਨਾਲ ਪਿਆਰ ਕਰਨਾ ਸਿਖਾਉਣਗੇ। ਥੋੜ੍ਹਾ ਗਿਆਨ ਖ਼ਤਰਨਾਕ ਹੈ। ਇਹ ਉਹ ਲੋਕ ਹਨ ਜੋ ਸਵੇਰੇ ਉੱਠਦੇ ਹੀ ਗਲਤੀਆਂ ਲੱਭਦੇ ਹਨ।ਇਨ੍ਹਾਂ ਦਾ ਤਾਂ ਉਹ ਹਾਲ ਹੈ ਕੇ ਰੋਜ਼ਾਨਾ ਸਰਕਾਰ ਦੇ ਕੰਮਾਂ ਵਿੱਚ ਨੁਕਸ ਕੱਢਣਾ ਹੈ। ਇਨ੍ਹਾਂ ਨੂੰ ਚਾਹੀਦਾ ਹੈ ਕਿ ਮੇਰੇ ‘ਚ ਨੁਕਸ ਕੱਢਣ ਤੋਂ ਪਹਿਲਾਂ ਪੂਰੀ ਗੱਲ ਜਾਣ ਲਿਆ ਕਰਨ।
ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਦੀ ਕਹਾਣੀ ਸੁਣਾਉਂਦੇ ਹੋਏ ਵਿਅੰਗ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪਟਿਆਲਾ ’ਤੇ ਇਕ ਸੌ ਫੋਰਟੀ ਫਾਰ (144) ਕਰੋੜ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੌ ਤਾਂ ਕਹਿਣਾ ਆਉਂਦਾ ਸੀ ਪਰ ਚੌਤਾਲੀ ਨਹੀਂ।