ਭਿਵਾਨੀ- ਹਰਿਆਣਾ ਦੀ ਭਿਵਾਨੀ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਗੈਰ-ਕਾਨੂੰਨੀ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਵਰੁਣ ਸਿੰਗਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਸੂਚਨਾ ਦੇ ਆਧਾਰ ‘ਤੇ ਜ਼ਿਲ੍ਹੇ ‘ਚ ਅਪਰਾਧਕ ਗੈਂਗ ਨਾਲ ਜੁੜੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਦੇ ਹੋਏ 13 ਅਗਸਤ ਨੂੰ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਯੋਗੇਸ਼ ਕੁਮਾਰ ਦੀ ਅਗਵਾਈ ‘ਚ ਟੀਮ ਬਾਪੋੜਾ ਤੋਂ ਸੂਈ-ਬਲਿਆਲੀ ਰੋਡ ‘ਤੇ ਛਾਪਾ ਮਾਰ ਕੇ ਇਕ ਠੇਕੇ ਕੋਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਵਿਕਾਸ, ਦੀਪਕ, ਮਹੇਂਦਰ ਪ੍ਰਤਾਪ, ਨਵੀਨ ਅਤੇ ਮੋਹਿਤ ਵਜੋਂ ਕੀਤੀ ਗਈ ਹੈ। ਪੁੱਛ-ਗਿੱਛ ‘ਚ ਦੀਪਕ ਅਤੇ ਵਿਕਾਸ ਨੇ ਦੱਸਿਆ ਕਿ ਉਨ੍ਹਾਂ ਦੀ ਦੋਤੀ ਬਵਾਨੀ ਖੇੜਾ ਵਾਸੀ ਸਚਿਨ ਨਾਲ ਹੈ, ਜੋ ਪੰਜਾਬ ‘ਚ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਸੀ ਅਤੇ ਫਿਲਹਾਲ ਜੇਲ੍ਹ ‘ਚ ਬੰਦ ਹੈ।
ਸਚਿਨ ‘ਤੇ ਡਕੈਤੀ, ਧੋਖਾਧੜੀ, ਚੋਰੀ, ਕੁੱਟਮਾਰ, ਕਤਲ, ਕਤਲ ਦੀ ਕੋਸ਼ਿਸ਼, ਪੁਲਸ ਟੀਮ ‘ਤੇ ਹਮਲਾ, ਜਾਨੋਂ ਮਾਰਨ ਦੀ ਧਮਕੀ ਆਦਿ ਗੰਭੀਰ ਧਾਰਾਵਾਂ ਦੇ ਅਧੀਨ ਕੁੱਲ 12 ਮਾਮਲੇ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਪੰਜਾਬ ‘ਚ ਦਰਜ ਹਨ। ਵਿਕਾਸ ‘ਤੇ ਕੁੱਟਮਾਰ, ਕਤਲ ਅਤੇ ਆਬਕਾਰੀ ਐਕਟ ਦੇ ਅਧੀਨ ਤੋਸ਼ਾਮ ਥਾਣੇ ‘ਚ ਤਿੰਨ ਮਾਮਲੇ ਦਰਜ ਹਨ। ਦੀਪਕ ‘ਤੇ ਵੀ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਅਧੀਨ ਇਕ ਮਾਮਲਾ ਥਾਣਾ ਬਹਿਲ ‘ਚ ਦਰਜ ਹੈ। ਸਚਿਨ ਦੀ ਦੋਸਤੀ ਭਿਵਾਨੀ ਦੀ ਦੁਰਗਾ ਕਾਲੋਨੀ ਵਾਸੀ ਰਵੀ ਬਾਸਕਰ ਨਾਲ ਸੀ, ਜਿਸ ਦਾ ਸਾਲ 2022 ‘ਚ ਕਤਲ ਕਰ ਦਿੱਤਾ ਗਿਆ ਸੀ। ਸਚਿਨ ਨੇ ਰਵੀ ਦੇ ਕਤਲ ਦਾ ਬਦਲਾ ਲੈਣ ਲਈ ਦੀਪਕ, ਵਿਕਾਸ, ਨਵੀਨ, ਮਹੇਂਦਰ ਅਤੇ ਮੋਹਿਤ ਨੂੰ ਆਪਣੇ ਵਿਰੋਧੀਆਂ ਦੇ ਕਤਲ ਦੀ ਜ਼ਿੰਮੇਵਾਰੀ ਸੌਂਪੀ ਸੀ। ਸਚਿਨ ਨੇ ਹੀ ਮੁਲਜ਼ਮਾਂ ਨੂੰ ਵੱਖ-ਵੱਖ ਸਥਾਨਾਂ ਤੋਂ ਇਹ ਹਥਿਆਰ ਮੁਹੱਈਆ ਕਰਵਾਏ ਸਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੀ ਆਜ਼ਾਦੀ ਦਿਹਾੜੇ ‘ਤੇ ਆਪਣੇ ਵਿਰੋਝੀ ਦਾ ਕਤਲ ਕਰਨ ਦੀ ਯੋਜਨਾ ਸੀ। ਪੁਲਸ ਸੁਪਰਡੈਂਟ ਅਨੁਸਾਰ ਜ਼ਿਲ੍ਹੇ ‘ਚ ਕਿਸੇ ਵੀ ਤਰ੍ਹਾਂ ਸੰਗਠਿਤ ਅਪਰਾਧ ਜਾਂ ਕਿਸੇ ਵੀ ਗੈਂਗ ਦੇ ਮੈਂਬਰਾਂ ਨੂੰ ਸਰਗਰਮ ਨਹੀਂ ਹੋਣ ਦਿੱਤਾ ਜਾਵੇਗਾ।