ਸੁਸ਼ੀਲ ਰਿੰਕੂ ਦੇ ਪ੍ਰਦਰਸ਼ਨ ’ਚ ਰਾਹੁਲ ਗਾਂਧੀ ਦੇ ਪਹੁੰਚਣ ਨਾਲ ਕਮਜ਼ੋਰ ਪਿਆ ਕਾਂਗਰਸੀਆਂ ਦਾ ਦਾਅਵਾ


ਜਲੰਧਰ – 2024 ’ਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਨਾਂ ਦੇ ਗੱਠਜੋੜ ਅਧੀਨ ਚੋਣ ਲੜਨ ਦਾ ਫੈਸਲਾ ਕੀਤਾ ਹੋਇਆ ਹੈ, ਜਿਸ ਅਧੀਨ ਜਲੰਧਰ ਲੋਕ ਸਭਾ ਦੀ ਸੀਟ ’ਤੇ ਕਾਂਗਰਸ ਦਾ ਦਾਅਵਾ ਕਮਜ਼ੋਰ ਪੈ ਗਿਆ ਹੈ। ਜਲੰਧਰ ਲੋਕ ਸਭਾ ਸੀਟ ਦੀ ਪ੍ਰਤੀਨਿਧਤਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਕਰ ਰਹੇ ਹਨ। ਸੁਸ਼ੀਲ ਰਿੰਕੂ ਅੱਜ ਸੰਸਦ ਭਵਨ ’ਚ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਵਿਰੁੱਧ ਹੱਥਾਂ ਅਤੇ ਗਲ ਵਿਚ ਜ਼ੰਜੀਰਾਂ ਪਹਿਨ ਕੇ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਸ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸ਼ਾਮਲ ਹੋਣ ਨਾਲ ਕਾਂਗਰਸੀਆਂ ਦੀਆਂ ਜਲੰਧਰ ਸੀਟ ਨੂੰ ਲੈ ਕੇ ਉਮੀਦਾਂ ਨੂੰ ਝਟਕਾ ਲੱਗਾ ਹੈ। ਸੁਸ਼ੀਲ ਰਿੰਕੂ ਦੀ ਜਲੰਧਰ ਸੀਟ ’ਤੇ ਦਾਅਵੇਦਾਰੀ ਹੋਰ ਮਜ਼ਬੂਤ ਹੋ ਗਈ ਹੈ ਅਤੇ ਨਾਲ ਹੀ ਉਹ ਮੌਜੂਦਾ ਸੰਸਦ ਮੈਂਬਰ ਵੀ ਹਨ। ਪੰਜਾਬ ’ਚ ਲੋਕ ਸਭਾ ਸੀਟਾਂ ਨੂੰ ਲੈ ਕੇ ਆਪਸੀ ਤਾਲਮੇਲ ਕਰਨ ਦੇ ਮੁੱਦੇ ’ਤੇ ਜਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਗੱਲਬਾਤ ਸ਼ੁਰੂ ਹੋਵੇਗੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਆਪਣੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਲਈ ਸੀਟ ਮੰਗੇਗੀ। ਦੂਜੇ ਪਾਸੇ ਕਾਂਗਰਸੀ ਵੀ ਦਾਅਵਾ ਕਰ ਰਹੇ ਸਨ ਕਿ ਇਸ ਸੀਟ ’ਤੇ ਉਨ੍ਹਾਂ ਦਾ ਵੀ ਦਾਅਵਾ ਬਣਦਾ ਹੈ ਕਿਉਂਕਿ ਇਹ ਸੀਟ ਰਵਾਇਤੀ ਰੂਪ ਨਾਲ ਉਨ੍ਹਾਂ ਦੀ ਹੈ ਪਰ ਹੁਣ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਸੁਸ਼ੀਲ ਰਿੰਕੂ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਹਨ ਤਾਂ ਹੁਣ ਕਾਂਗਰਸੀ ਵੀ ਆਪਣਾ ਦਾਅਵਾ ਉਨ੍ਹਾਂ ਸਾਹਮਣੇ ਮਜ਼ਬੂਤੀ ਨਾਲ ਨਹੀਂ ਰੱਖ ਸਕਣਗੇ।

ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਹੁਣ ਕਾਂਗਰਸ ਦਾ ਜਲੰਧਰ ਸੀਟ ’ਤੇ ਦਾਅਵਾ ਲਗਭਗ ਖਤਮ ਹੋ ਗਿਆ ਹੈ। ਸੁਸ਼ੀਲ ਰਿੰਕੂ ਨੇ ਜਿਸ ਤਰ੍ਹਾਂ ਨਾਲ ਪਿਛਲੇ ਇਕ ਹਫਤੇ ਦੌਰਾਨ ਸੰਸਦ ਵਿਚ ਹਮਲਾਵਰ ਰੁਖ਼ ਅਪਣਾਇਆ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਮੋਦੀ ਸਰਕਾਰ ਵਿਰੁੱਧ ਪਹਿਲਾਂ ਸੰਸਦ ਦੇ ਅੰਦਰ ਅਤੇ ਹੁਣ ਬਾਹਰ ਪ੍ਰਦਰਸ਼ਨ ਕੀਤਾ ਹੈ, ਉਸਨੂੰ ਦੇਖਦੇ ਹੋਏ ਜਿਥੇ ਉਨ੍ਹਾਂ ਨੂੰ ਜਨਤਾ ਦੀ ਹਮਦਰਦੀ ਮਿਲ ਰਹੀ ਹੈ, ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਹੁਣ ਸੀਟਾਂ ਦੇ ਤਾਲਮੇਲ ਸਮੇਂ ਕਾਂਗਰਸ ਦੇ ਸਾਹਮਣੇ ਇਸ ਗੱਲ ਨੂੰ ਮਜ਼ਬੂਤੀ ਨਾਲ ਰੱਖ ਸਕੇਗੀ ਕਿ ਉਨ੍ਹਾਂ ਦੇ ਸੰਸਦ ਮੈਂਬਰ ਨੇ ਮਜ਼ਬੂਤੀ ਨਾਲ ਜਨਤਾ ਦੇ ਮਸਲੇ ਸੰਸਦ ਵਿਚ ਉਠਾਏ ਹਨ, ਇਸ ਲਈ ਆਮ ਆਦਮੀ ਪਾਰਟੀ ਜਲੰਧਰ ਸੀਟ ਨੂੰ ਫਿਰ ਤੋਂ ਜਿੱਤਣ ਵਿਚ ਸਮਰੱਥ ਹੋਵੇਗੀ।

Leave a Reply

Your email address will not be published. Required fields are marked *