ਲੁਧਿਆਣਾ- ਪੰਜਾਬ ‘ਚ ਆਈ ਫਲੂ ਦਾ ਪ੍ਰਕੋਪ ਮਹਾਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਹੁਣ ਤੱਕ ਦਾ ਸਭ ਤੋਂ ਘਾਤਕ ਰੂਪ ਲੈ ਕੇ ਸਾਹਮਣੇ ਆ ਚੁੱਕਾ ਹੈ। ਬਹੁਤ ਵੱਡੀ ਗਿਣਤੀ ‘ਚ ਬੱਚੇ ਅਤੇ ਬਜ਼ੁਰਗ ਇਸ ਦੀ ਲਪੇਟ ‘ਚ ਆ ਚੁੱਕੇ ਹਨ। ਇਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ’ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਬੀਮਾਰੀ ‘ਚ ਲੋਕਾਂ ਨੂੰ ਅੱਖਾਂ ‘ਚ ਪਾਣੀ ਆਉਣਾ, ਦਰਦ, ਸੋਜ, ਅੱਖਾਂ ਲਾਲ ਹੋਣਾ ਅਤੇ ਨਜ਼ਰ ਧੁੰਦਲੀ ਹੋਣ ਦੀ ਸ਼ਿਕਾਇਤ ਵੀ ਸ਼ੁਰੂ ਹੋ ਗਈ ਹੈ। ਵਿਗਿਆਨੀ ਡਾ. ਬੀ. ਐੱਸ. ਔਲਖ ਦਾ ਮੰਨਣਾ ਹੈ ਕਿ ਆਈ ਫਲੂ ਕਿਸੇ ਹੋਰ ਮਹਾਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਈ ਫਲੂ ਦੀਆਂ 3 ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ’ਚੋਂ ਇਕ ਬੈਕਟੀਰੀਅਲ, ਦੂਜਾ ਐਲਰਜੀ ਕਾਰਨ ਅਤੇ ਤੀਜਾ ਵਾਇਰਸ ਕਾਰਨ ਹੁੰਦਾ ਹੈ। ਇਸ ਸਮੇਂ ਇਹ ਵਾਇਰਲ ਆਈ ਫਲੂ ਹੈ ਅਤੇ ਵਾਇਰਸ ਕਿਸੇ ਵੀ ਸਮੇਂ ਆਪਣਾ ਰੂਪ ਬਦਲਣ ਦੇ ਸਮਰੱਥ ਹੈ। ਵਾਇਰਲ ਆਈ ਫਲੂ ’ਚ ਸਾਹ ਦੀ ਨਾਲੀ ਵੀ ਪ੍ਰਭਾਵਿਤ ਹੁੰਦੀ ਵੇਖੀ ਗਈ ਹੈ।
ਇਸ ਦਾ ਇਕ ਕਾਰਨ ਹਾਲ ਹੀ ’ਚ ਹੋਈ ਬਾਰਸ਼ ਅਤੇ ਹੜ੍ਹ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ ਹੜ੍ਹਾਂ ’ਚ ਕਈ ਤਰ੍ਹਾਂ ਦੇ ਜਾਨਵਰ ਮਾਰੇ ਗਏ, ਜਿਸ ਕਾਰਨ ਵੱਖ-ਵੱਖ ਬੀਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਮਨੁੱਖਤਾ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਜੂਝ ਰਹੀ ਹੈ, ਇਸ ਤੋਂ ਇਲਾਵਾ ਖ਼ੁਦ ਮਨੁੱਖਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਵੀ ਹੋਰ ਬੀਮਾਰੀਆਂ ਦੇ ਵੱਧਣ ਦਾ ਕਾਰਨ ਹਨ ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਜੈਨੇਟਿਕ ਤੌਰ ‘ਤੇ ਸੋਧੇ ਹੋਏ ਭੋਜਨ ਅਤੇ ਜਾਨਵਰਾਂ ਦੀਆਂ ਬਦਲੀਆਂ ਨਸਲਾਂ ਕਾਰਨ ਮਨੁੱਖੀ ਡੀ. ਐੱਨ. ਏ. ਪ੍ਰਭਾਵਿਤ ਹੋ ਰਿਹਾ ਹੈ ਪਰ ਇਸ ਵਾਰ ਆਈ ਫਲੂ ਦਾ ਰੂਪ ਸਾਹਮਣੇ ਆ ਰਿਹਾ ਹੈ।
ਇਹ ਵੀ ਕਿਸੇ ਹੋਰ ਮਹਾਮਾਰੀ ਦੀ ਨਿਸ਼ਾਨੀ ਹੋ ਸਕਦੀ ਹੈ। ਹੋ ਸਕਦਾ ਹੈ ਕੋਈ ਅਜਿਹੀ ਮਹਾਮਾਰੀ ਸਾਹਮਣੇ ਆ ਜਾਵੇ, ਜਿਸ ਦਾ ਨਾਂ ਪਹਿਲਾਂ ਸੁਣਿਆ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਇਲਾਜ ਲੱਭਣਾ ਸਮੇਂ ਦੀ ਮੁੱਖ ਲੋੜ ਹੈ। ਨਵੀਂਆਂ ਦਵਾਈਆਂ ਦੀ ਖੋਜ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਿਗਿਆਨੀਆਂ ਪ੍ਰਤੀ ਨਰਮ ਰੁਖ਼ ਅਪਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੱਖਾਂ ਦੇ ਫਲੂ ਦੀ ਸਥਿਤੀ ’ਚ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ।