ਨੈਸ਼ਨਲ ਡੈਸਕ : ਹਰਿਆਣਾ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਇੰਟਰਨੈੱਟ ‘ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਨੂਹ, ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਦੇ ਸੋਹਨਾ, ਪਟੌਦੀ ਅਤੇ ਮਾਨੇਸਰ ਵਿੱਚ 5 ਅਗਸਤ ਦੀ ਰਾਤ ਤੱਕ ਇੰਟਰਨੈੱਟ ਬੰਦ ਰਹੇਗਾ। ਹਾਲਾਂਕਿ, ਗੁਰੂਗ੍ਰਾਮ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਰਹਿਣਗੀਆਂ। ਇਸ ਦੌਰਾਨ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ 11 ਜ਼ਿਲ੍ਹਿਆਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ਦੇ 4 ਖੇਤਰਾਂ ਵਿੱਚ ਵੀਰਵਾਰ ਸਵੇਰ ਤੱਕ ਮੋਬਾਇਲ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਲਵਰ ਜ਼ਿਲ੍ਹੇ ਦੇ 10 ਅਤੇ ਭਰਤਪੁਰ ਜ਼ਿਲ੍ਹੇ ਦੇ 4 ਖੇਤਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਭਰਤਪੁਰ ਜ਼ਿਲ੍ਹੇ ਦੇ ਸੀਕਰੀ, ਪਹਾੜੀ, ਕਮਾਨ, ਨਗਰ ਖੇਤਰਾਂ ਵਿੱਚ ਮੋਬਾਇਲ ਇੰਟਰਨੈੱਟ ਸੇਵਾਵਾਂ ਵੀਰਵਾਰ ਸਵੇਰੇ 6 ਵਜੇ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਾਮਾਂ ਅਤੇ ਪਹਾੜੀ ‘ਚ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਇਲਾਕਿਆਂ ‘ਚ ਕਿਸੇ ਵੀ ਤਰ੍ਹਾਂ ਦੇ ਜਲੂਸ ਜਾਂ ਰੈਲੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਰਤਪੁਰ ਹਰਿਆਣਾ ਸਰਹੱਦ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਇੱਥੇ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਨੂਹ ‘ਚ ਹਿੰਸਾ ਤੋਂ ਬਾਅਦ ਭਰਤਪੁਰ ਦੇ 4 ਇਲਾਕਿਆਂ ‘ਚ 2 ਅਗਸਤ ਨੂੰ ਸਵੇਰੇ 6 ਵਜੇ ਤੱਕ ਮੋਬਾਇਲ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ।
ਅਲਵਰ ਜ਼ਿਲ੍ਹੇ ‘ਚ ਵੀ ਅਲਰਟ ਜਾਰੀ ਕਰਦਿਆਂ 10 ਉਪਮੰਡਲ ਖੇਤਰਾਂ ‘ਚ ਸ਼ਾਂਤੀ ਬਣਾਈ ਰੱਖਣ ਲਈ 10 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਰਿਆਣਾ ਦੇ ਸਰਹੱਦੀ ਇਲਾਕਿਆਂ ਅਲਵਰ, ਤਿਜਾਰਾ, ਰਾਮਗੜ੍ਹ, ਗੋਵਿੰਦਗੜ੍ਹ, ਕਠੂਮਾਰ, ਲਕਸ਼ਮਣਗੜ੍ਹ, ਤਾਪੁਕਾੜਾ, ਮਲਖੇੜਾ, ਕਿਸ਼ਨਗੜ੍ਹ ਬਸ ਅਤੇ ਕੋਟਕਸੀਮ ਉਪਮੰਡਲ ਖੇਤਰਾਂ ਵਿੱਚ 10 ਅਗਸਤ ਦੀ ਅੱਧੀ ਰਾਤ ਤੱਕ ਧਾਰਾ 144 ਜਾਰੀ ਰਹੇਗੀ।