ਪੰਜਾਬ ਪੁਲਸ ਵੱਲੋਂ ‘ਆਪਰੇਸ਼ਨ ਕਲੀਨ’ ਅਧੀਨ ਨਸ਼ਾ ਸਮੱਗਲਰਾਂ ਵਿਰੁੱਧ ਵੱਡੀ ਕਾਰਵਾਈ


ਚੰਡੀਗੜ੍ਹ/ਜਲੰਧਰ – ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲਸ ਨੇ ਨਸ਼ਿਆਂ ਦੀ ਸਮੱਗਲਿੰਗ ਵਿੱਚ ਸ਼ਾਮਲ ਲੋਕਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਸੂਬਾ ਪੱਧਰੀ ਮੁਹਿੰਮ ‘ਓ. ਪੀ. ਐੱਸ. ਕਲੀਨ’ ਸ਼ੁਰੂ ਕੀਤੀ ਹੈ। ਇਹ ਮੁਹਿੰਮ ਪੰਜਾਬ ਪੁਲਸ ਦੇ ਮੁਖੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਹੈ। ਏ. ਡੀ. ਜੀ. ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਚਲਾਈ ਗਈ ਇਸ ਮੁਹਿੰਮ ਅਧੀਨ ਨਸ਼ਾ ਸਮੱਗਲਰਾਂ ਨਾਲ ਜੁੜੇ ਟਿਕਾਣਿਆਂ ਅਤੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ।

और जानें
ਉਨ੍ਹਾਂ ਕਿਹਾ ਕਿ ਸਾਰੇ ਸੀ. ਪੀਜ਼. ਅਤੇ ਐੱਸ. ਐੱਸ. ਪੀਜ਼. ਨੂੰ ਆਪਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਅਤੇ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਲੋੜੀਂਦੀ ਗਿਣਤੀ ਵਿੱਚ ਪੁਲਸ ਟੀਮਾਂ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਵੱਖ-ਵੱਖ ਥਾਵਾਂ ’ਤੇ ਨਾਲੋ-ਨਾਲ ਛਾਪੇਮਾਰੀ ਕੀਤੀ ਜਾ ਸਕੇ। ਇਸ ਮੁਹਿੰਮ ਦੌਰਾਨ 5500 ਤੋਂ ਵੱਧ ਪੁਲਸ ਮੁਲਾਜ਼ਮਾਂ ਵਾਲੀਆਂ 650 ਟੀਮਾਂ ਨੇ ਨਸ਼ਾ ਸਮੱਗਲਰਾਂ ਨਾਲ ਜੁੜੇ 2247 ਟਿਕਾਣਿਆਂ ’ਤੇ ਛਾਪੇ ਮਾਰੇ ਅਤੇ 2125 ਘਰਾਂ ਦੀ ਤਲਾਸ਼ੀ ਲਈ। ਏ. ਡੀ. ਜੀ. ਪੀ. ਨੇ ਦੱਸਿਆ ਕਿ ਪੁਲਸ ਟੀਮਾਂ ਨੇ 1.8 ਕਿਲੋ ਹੈਰੋਇਨ, 82 ਕਿਲੋ ਭੁੱਕੀ, 1 ਕਿਲੋ ਅਫ਼ੀਮ, 5.35 ਲੱਖ ਰੁਪਏ ਦੀ ਡਰੱਗ ਮਨੀ ਅਤੇ 4 ਹਥਿਆਰਾਂ ਤੋਂ ਇਲਾਵਾ ਨਾਜਾਇਜ਼ ਸ਼ਰਾਬ, ਲਾਹਨ (ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ) ਅਤੇ ਵਾਹਨ ਬਰਾਮਦ ਕੀਤੇ ਹਨ। ਇਸ ਸਬੰਧੀ 48 ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਪੁਲਸ ਟੀਮਾਂ ਨੇ 78 ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਸ਼ਿਆਂ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ । ਟੀਮਾਂ ਨੇ ਅਜਿਹੇ ਵਿਅਕਤੀਆਂ ਤੋਂ ਉਨ੍ਹਾਂ ਦੇ ਮੌਜੂਦਾ ਕਾਰੋਬਾਰ ਬਾਰੇ ਵੀ ਪੁੱਛਗਿੱਛ ਕੀਤੀ।
ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਘਰ ਵਿੱਚ ਮੌਜੂਦ ਸਮੱਗਲਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਵੇਰਵੇ ਅਤੇ ਵਿਦੇਸ਼ੀ ਲੈਣ-ਦੇਣ ਦੀ ਵੀ ਜਾਂਚ ਕੀਤੀ। ਇਸ ਕਾਰਵਾਈ ਨੂੰ ਅੰਜਾਮ ਦੇਣ ਦਾ ਮਕਸਦ ਨਸ਼ਿਆਂ ਦੇ ਸਮੱਗਲਰਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਾਲ-ਨਾਲ ਅੰਤਰ-ਰਾਜੀ ਹੱਦਾਂ ਤੋਂ ਨਸ਼ਿਆਂ ਦੀ ਆਮਦ ’ਤੇ ਵੀ ਨਜ਼ਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਛਾਪੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

Leave a Reply

Your email address will not be published. Required fields are marked *