ਲੁਧਿਆਣਾ – : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਕੈਬਨਿਟ ‘ਚ ਤੀਜੀ ਵਾਰ ਫੇਰਬਦਲ ਕੀਤਾ ਗਿਆ ਹੈ ਪਰ ਲੁਧਿਆਣਾ ਦੇ ਵਿਧਾਇਕਾਂ ਨੂੰ ਫਿਰ ਐਂਟਰੀ ਨਹੀਂ ਮਿਲੀ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਲੁਧਿਆਣਾ ਜ਼ਿਲ੍ਹੇ ਦੀਆਂ 13 ‘ਚੋਂ 12 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਹੋਏ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਵਿਧਾਇਕ ਦੂਜੀਆਂ ਪਾਰਟੀਆਂ ਤੋਂ ਸ਼ਾਮਲ ਹੋਏ ਹਨ ਅਤੇ ਪਹਿਲੀ ਵਾਰ ਜਿੱਤੇ ਹਨ, ਜਦੋਂ ਕਿ ਕੁੱਝ ਆਮ ਆਦਮੀ ਪਾਰਟੀ ਦੇ ਪੁਰਾਣੇ ਕੈਡਰ ਨਾਲ ਸਬੰਧਿਤ ਹਨ। ਇਨ੍ਹਾਂ ‘ਚ ਮੁੱਖ ਤੌਰ ‘ਤੇ ਜਗਰਾਓਂ ਤੋਂ ਸਰਬਜੀਤ ਕੌਰ ਮਾਣੂੰਕੇ ਦਾ ਨਾਂ ਸ਼ਾਮਲ ਹੈ, ਜੋ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ ਅਤੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਰਹਿ ਚੁੱਕੇ ਹਨ ਪਰ ਉਨ੍ਹਾਂ ਨੂੰ ਵੀ ਕਿਆਸਰਾਈਆਂ ਦੇ ਬਾਵਜੂਦ ਪਹਿਲਾਂ ਸਪੀਕਰ ਅਤੇ ਹੁਣ ਮੰਤਰੀ ਨਹੀਂ ਬਣਾਇਆ ਗਿਆ।
ਇਹ ਪਹਿਲਾ ਮੌਕਾ ਹੈ, ਜਦੋਂ ਲੁਧਿਆਣਾ ਦੇ ਵਿਧਾਇਕਾਂ ਨੂੰ ਮੰਤਰੀ ਮੰਡਲ ‘ਚ ਜਗ੍ਹਾ ਨਹੀਂ ਮਿਲ ਰਹੀ ਹੈ। ਇਸ ਤੋਂ ਪਹਿਲਾਂ ਹਰ ਸਰਕਾਰ ‘ਚ ਲੁਧਿਆਣਾ ਤੋਂ ਘੱਟੋ-ਘੱਟ ਇਕ ਜਾਂ ਦੋ ਜਾਂ ਇਸ ਤੋਂ ਜ਼ਿਆਦਾ ਮੰਤਰੀ ਰਹੇ ਹਨ ਪਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਆਰਥਿਕ ਰਾਜਧਾਨੀ ਦੇ ਨਾਲ ਦੇਸ਼ ਦਾ ਉਦਯੋਗਿਕ ਮੈਨਚੈਸਟਰ ਕਹੇ ਜਾਣ ਵਾਲੇ ਲੁਧਿਆਣਾ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਸਸ਼ੋਪੰਜੇ ਦੀ ਸਥਿਤੀ ਬਣੀ ਹੋਈ ਹੈ।
ਸਮਰਥਕਾਂ ਨੇ ਸੋਸ਼ਲ ਮੀਡੀਆ ਜ਼ਰੀਏ ਜਤਾਈ ਦਾਅਵੇਦਾਰੀ
ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੀਆਂ ਕਿਆਸਰੀਆਂ ਮੰਗਲਵਾਰ ਦੁਪਹਿਰ ਬਾਅਦ ਤੋਂ ਹੀ ਲਾਈਆਂ ਜਾ ਰਹੀਆਂ ਸਨ ਪਰ ਉਸ ਨੂੰ ਲੈ ਕੇ ਤਸਵੀਰ ਦੇਰ ਸ਼ਾਮ ਤੱਕ ਸਾਫ਼ ਹੋ ਪਾਈ ਕਿਉਂਕਿ ਪਹਿਲਾਂ ਇੰਦਰਬੀਰ ਸਿੰਘ ਨਿੱਜਰ ਵਲੋਂ ਅਸਤੀਫ਼ਾ ਦੇਣ ਦੇ ਨਾਲ ਹੀ 2 ਨਵੇਂ ਮੰਤਰੀ ਬਣਾਉਣ ਦੀ ਗੱਲ ਸਾਹਮਣੇ ਆਈ। ਹਾਲਾਂਕਿ ਸਰਕਾਰ ਵਲੋਂ ਕੁੱਝ ਦੇਰ ਬਾਅਦ ਆਪਣੇ ਆਫ਼ੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਇਸ ਸਬੰਧੀ ਤਸਵੀਰ ਸਾਫ਼ ਕਰ ਦਿੱਤੀ ਗਈ ਪਰ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਮੰਤਰੀ ਬਣਾਉਣ ਨੂੰ ਲੈ ਕੇ ਸੋਸ਼ਲ ਮੀਡੀਆ ਜ਼ਰੀਏ ਜੰਮ ਕੇ ਦਾਅਵੇਦਾਰੀ ਜਤਾਈ ਗਈ।