ਕੋਪਲ : ਕਰਨਾਟਕ ਦੇ ਕੋਪਲ ਜ਼ਿਲ੍ਹੇ ਦੇ ਕੁਸ਼ਤਾਗੀ ਤਾਲੁਕ ‘ਚ ਐਤਵਾਰ ਸ਼ਾਮ ਨੂੰ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 2 ਬੱਚਿਆਂ ਤੇ ਇਕ ਔਰਤ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰਾਸ਼ਟਰੀ ਰਾਜਮਾਰਗ ‘ਤੇ ਕਾਲਕੇਰੀ ਪਿੰਡ ਨੇੜੇ ਵਾਪਰਿਆ। ਪੁਲਸ ਸੂਤਰਾਂ ਮੁਤਾਬਕ ਸਾਰੇ ਮ੍ਰਿਤਕ ਵਿਜੇਪੁਰਾ ਦੇ ਰਹਿਣ ਵਾਲੇ ਸਨ ਅਤੇ ਉਹ ਕਾਰ ‘ਚ ਬੈਂਗਲੁਰੂ ਵੱਲ ਜਾ ਰਹੇ ਸਨ, ਜਦੋਂ ਕਿ ਟਰੱਕ ਤਾਮਿਲਨਾਡੂ ਤੋਂ ਗੁਜਰਾਤ ਜਾ ਰਿਹਾ ਸੀ।
ਸੂਤਰਾਂ ਨੇ ਦੱਸਿਆ ਕਿ ਆਹਮੋ-ਸਾਹਮਣੇ ਹੋਈ ਇਸ ਭਿਆਨਕ ਟੱਕਰ ‘ਚ ਪੂਰੀ ਕਾਰ ਟਰੱਕ ਦੇ ਅਗਲੇ ਹਿੱਸੇ ‘ਚ ਧਸ ਗਈ। ਉਨ੍ਹਾਂ ਦੱਸਿਆ ਕਿ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਅਤੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਸਿੱਧਰਮਈਆ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।