ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ


ਮੋਹਾਲੀ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜੇ ਦਾ ਐਲਾਨ ਕਰਦੇ ਹੋਏ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਨੇ ਦੱਸਿਆ ਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ 650 ’ਚੋਂ 650 ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ ਹੈ। ਇਸੇ ਹੀ ਸਕੂਲ ਦੀ ਵਿਦਿਆਰਥਣ ਨਵਜੋਤ 648 ਅੰਕ ਲੈ ਕੇ ਪੰਜਾਬ ਭਰ ਵਿਚੋਂ ਦੂਜੇ ਸਥਾਨ ’ਤੇ ਰਹੀ। ਜ਼ਿਲ੍ਹਾ ਮਾਨਸਾ ਦੇ ਸਰਕਾਰੀ ਹਾਈ ਸਕੂਲ ਮੰਢਾਲੀ ਦੀ ਹਰਮਨਦੀਪ ਕੌਰ ਨੇ 646 ਅੰਕ ਲੈ ਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ।

ਬਾਰ੍ਹਵੀਂ ਜਮਾਤ ਦੇ ਨਤੀਜੇ ਵਾਂਗ ਇਸ ਵਾਰ ਵੀ ਪਹਿਲੇ ਤਿੰਨ ਸਥਾਨਾਂ ’ਤੇ ਲੜਕੀਆਂ ਹੀ ਕਾਬਜ਼ ਹਨ। ਨਤੀਜੇ ਦਾ ਐਲਾਨ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਇਸ ਚੇਅਰਮੈਨ ਡਾਕਟਰ ਬਰਿੰਦਰ ਭਾਰਤੀਆਂ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਰਹੀ ਹੈ। ਇਸ ਵਾਰ 2 ਲੱਖ 82 ਹਜ਼ਾਰ 327 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਸਨ। ਇਨ੍ਹਾਂ ਵਿਚੋਂ 274402 ਪ੍ਰੀਖਿਆਰਥੀ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਰਹੀ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 98.46 ਹੈ ਜਦੋਂਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 96.73 ਹੈ।

ਇਸ ਨਤੀਜੇ ਦੀ ਦਿਲਚਸਪ ਗੱਲ ਇਹ ਵੀ ਹੈ ਕਿ ਸ਼ਹਿਰੀ ਖੇਤਰ ਨਾਲੋਂ ਪੇਂਡੂ ਖੇਤਰ ਦੀ ਪਾਸ ਪ੍ਰਤੀਸ਼ਤਤਾ ਜ਼ਿਆਦਾ ਰਹੀ ਹੈ। ਇਸ ਵਾਰ 6176 ਪ੍ਰੀਖਿਆਰਥੀਆਂ ਦੀ ਰੀਪੀਅਰ ਆਈ ਹੈ ਜਦੋਂ ਕਿ ਸਿਰਫ 653 ਹੀ ਫੇਲ੍ਹ ਹੋਏ ਹਨ। 103 ਪ੍ਰੀਖਿਆਰਥੀ ਦਾ ਨਤੀਜਾ ਰੋਕਿਆ ਗਿਆ। ਓਪਨ ਸਕੂਲ ਦਾ ਨਤੀਜਾ 79.26 ਫੀਸਦੀ ਰਿਹਾ ਹੈ। ਓਪਨ ਸਕੂਲ ਪ੍ਰੀਖਿਆ ਪ੍ਰਣਾਲੀ ਅਧੀਨ 9469 ਪ੍ਰੀਖਿਆਰਥੀ ਅਪੀਅਰ ਹੋਏ ਜਿਨ੍ਹਾਂ ’ਚੋਂ 7505 ਪ੍ਰੀਖਿਆਰਥੀ ਪਾਸ ਹੋਣ ਵਿਚ ਸਫ਼ਲ ਰਹੇ।

Leave a Reply

Your email address will not be published. Required fields are marked *