ਡੇਰਾਬੱਸੀ -ਇੱਥੇ ਇਕ ਕੈਮੀਕਲ ਫੈਕਟਰੀ ‘ਚ ਬੀਤੀ ਦੇਰ ਰਾਤ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ‘ਚੋਂ ਗੈਸ ਲੀਕ ਹੋਈ ਹੈ, ਉਹ ਪਿੰਡ ਸੈਦਪੁਰਾ ਨੇੜੇ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿੰਡ ਸੈਦਪੁਰਾ ਦੇ ਗੁਰਦੁਆਰਾ ਸਾਹਿਬ ‘ਚ ਅਨਾਊਂਸਮੈਂਟ ਕਰਵਾਈ ਗਈ ਕਿ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਅਤੇ ਏ. ਸੀ. ਜਾਂ ਕੂਲਰ ਵੀ ਨਾ ਚਲਾਉਣ ਦੀ ਹਦਾਇਤ ਦਿੱਤੀ ਗਈ।
ਫਿਲਹਾਲ ਮੌਕੇ ‘ਤੇ ਰਾਹਤ ਅਤੇ ਬਚਾਅ ਟੀਮਾਂ ਪਹੁੰਚ ਗਈਆਂ। ਡੇਰਾਬਸੀ ਦੇ ਐੱਸ. ਐੱਚ. ਓ. ਜਸਕਵੰਲ ਸਿੰਘ ਸੇਖੋਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਰਾਤ ਸਾਢੇ 10 ਵਜੇ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਪਤਾ ਲੱਗਿਆ ਕਿ ਫੈਕਟਰੀ ‘ਚ ਪਏ 2 ਡਰੰਮਾਂ ‘ਚੋਂ ਗੈਸ ਲੀਕ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਹਾਲਾਤ ਕੰਟਰੋਲ ‘ਚ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਗਿਆਸਪੁਰਾ ‘ਚ ਵੀ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਨੰਗਲ ‘ਚ ਗੈਸ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।