ਸ੍ਰੀ ਕੀਰਤਪੁਰ ਸਾਹਿਬ – ਸਥਾਨਕ ਪੁਰਾਣੇ ਬੱਸ ਸਟੈਂਡ ਤੇ ਐੱਸ.ਸੀ.ਸੀ. ਡੰਪ ਨੇੜੇ ਭਾਖੜਾ ਨਹਿਰ (ਨੰਗਲ ਹਾਈਡਲ ਚੈਨਲ ਕੈਨਾਲ) ’ਤੇ 767 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਟੀਲ ਦਾ ਪੁਲ ਬਣਾਉਣ ਲਈ ਤਿਆਰ ਕੀਤਾ ਅਸਥਾਈ ਢਾਂਚਾ ਨਹਿਰ ’ਚ ਡਿੱਗ ਗਿਆ। ਨਿਰਮਾਣ ਅਧੀਨ ਸਟੀਲ ਦੇ ਪੁਲ ਦਾ ਅਸਥਾਈ ਢਾਂਚਾ ਜਿਸ ਦੇ ਸਹਾਰੇ ਸਟੀਲ ਦੇ ਪੁਲ ਨੂੰ ਨਹਿਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਲਿਜਾਇਆ ਜਾਣਾ ਸੀ, ਦੇ ਭਾਖੜਾ ਨਹਿਰ ’ਚ ਡਿੱਗ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਬੀ.ਬੀ.ਐੱਮ.ਬੀ. ਦੇ ਉੱਚ ਅਧਿਕਾਰੀ, ਲੋਕ ਨਿਰਮਾਣ ਵਿਭਾਗ ਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕਾ ਦੇਖਣ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਕੀ ਕਹਿਣਾ ਹੈ ਐਕਸੀਅਨ ਦਾ?
ਇਸ ਬਾਰੇ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਵਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਸਟੀਲ ਬ੍ਰਿਜ ਲਾਂਚ ਵੀ ਨਹੀਂ ਹੋਇਆ ਹੈ। ਪੁਲ ਸਿਰਫ ਇਕ ਅਸਥਾਈ ਢਾਂਚਾ ਹੈ, ਜਿਸ ਨੂੰ ਅਸੀਂ ਲੋਹੇ ਦੇ ਐਂਗਲ ਅਤੇ ਗਾਰਡਰਾਂ ਦੀ ਸ਼ਟਰਿੰਗ ਵੀ ਕਹਿ ਸਕਦੇ ਹਾਂ, ਜਿਸ ਦੀ ਮਦਦ ਨਾਲ ਨਹਿਰ ਦੇ ਉਪਰਲੇ ਪੁਲ ਬਣਾ ਕੇ ਆਰ-ਪਾਰ ਕੀਤਾ ਜਾਵੇਗਾ, ਉਸ ਦਾ ਅੱਧਾ ਹਿੱਸਾ ਹੀ ਭਾਖੜਾ ਨਹਿਰ ’ਚ ਝੁਕਿਆ ਹੈ। ਠੇਕੇਦਾਰ ਵੱਲੋਂ ਇਸ ਨੂੰ ਜਲਦੀ ਠੀਕ ਕਰਕੇ ਕੰਮ ਫਿਰ ਤੋਂ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।