ਜਲੰਧਰ- ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਕਸ਼ਯਪ ਰਾਜਪੂਤ ਸਮਾਜ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ‘ਆਪ’ ਆਗੂ ਬਲਤੇਜ ਸਿੰਘ ਪਨੂੰ ਦੀ ਹਾਜ਼ਰੀ ’ਚ ਐਤਵਾਰ ਨੂੰ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਭਾਈਚਾਰੇ ਦੇ ਲੋਕਾਂ ਨੇ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰਨ ਦਾ ਵੀ ਵਾਅਦਾ ਕੀਤਾ। ਕਸ਼ਯਪ ਰਾਜਪੂਤ ਸਮਾਜ ਦੇ ਪ੍ਰਧਾਨ ਜਥੇ. ਸੁਖਬੀਰ ਸਿੰਘ ਸ਼ਾਲੀਮਾਰ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ 70 ਸਾਲ ਪੰਜਾਬ ਨੂੰ ਲੁੱਟਿਆ ਪਰ ਆਮ ਆਦਮੀ ਪਾਰਟੀ ਨੇ ਆਪਣੇ ਵਿਕਾਸ ਕਾਰਜਾਂ ਰਾਹੀਂ ਵਿਖਾ ਦਿੱਤਾ ਹੈ ਕਿ ਪੰਜਾਬ ਦਾ ‘ਖਜ਼ਾਨਾ ਖਾਲੀ’ ਨਹੀਂ ਹੈ। ਜੇਕਰ ਕਮੀ ਸੀ ਤਾਂ ਪਿਛਲੀਆਂ ਸਰਕਾਰਾਂ ਵਿਚ ਨੇਕ-ਨੀਅਤ ਦੀ ਕਮੀ ਸੀ, ਜਿਨ੍ਹਾਂ ਦੇ ਆਗੂਆਂ ਨੇ ਸਿਰਫ਼ ਆਪਣੀਆਂ ਹੀ ਜੇਬਾਂ ਭਰੀਆਂ। ਉਨ੍ਹਾਂ ਕਿਹਾ ਕਿ ਕਸ਼ਯਪ ਰਾਜਪੂਤ ਸਮਾਜ ਗਰੀਬ ਸਮਾਜ ਹੈ ਅਤੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਚੋਣਾਂ ਤੋਂ ਬਾਅਦ ਉਹ ‘ਆਪ’ ਸਰਕਾਰ ਨਾਲ ਮਿਲ ਕੇ ਆਪਣੇ ਸਮਾਜ ਦੀ ਤਰੱਕੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਆਗੂਆਂ ਨੇ ਹਮੇਸ਼ਾ ਸਮਾਜ ਦੇ ਹਾਸ਼ੀਏ ’ਤੇ ਪਏ ਸਮੂਹਾਂ ਨੂੰ ਨਜ਼ਰਅੰਦਾਜ਼ ਕੀਤਾ ਪਰ ਆਮ ਆਦਮੀ ਪਾਰਟੀ ਸਿੱਖਿਆ ਅਤੇ ਬਰਾਬਰ ਮੌਕਿਆਂ ਜ਼ਰੀਏ ਸਮਾਜ ਦੇ ਹਰ ਵਰਗ ਦਾ ਵਿਕਾਸ ਕਰ ਰਹੀ ਹੈ।
ਇਸ ਮੌਕੇ ਪ੍ਰਭਾਵਸ਼ਾਲੀ ਆਗੂ ਰਸ਼ਪਾਲ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ ਵਰਗੀ ਪਾਰਟੀ ਨੇ ਵੀ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਭੁੱਲ ਕੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਸੌਦਾਗਰਾਂ ਦੀ ਸਰਪ੍ਰਸਤੀ ਕਰਨ ਵਾਲੇ ਅਕਾਲੀ ਦਲ ਨਾਲ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਬਾਬਾ ਸਾਹਿਬ ਦੀ ਵਿਚਾਰਧਾਰਾ ’ਤੇ ਚੱਲ ਰਹੀ ਹੈ ਅਤੇ ਆਪਣੇ ਵਾਅਦੇ ਪੂਰੇ ਕਰ ਰਹੀ ਹੈ, ਉਸ ਦਾ ਅਸੀਂ ਸਮਰਥਨ ਕਰ ਰਹੇ ਹਾਂ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੀ ਈਮਾਨਦਾਰ ਰਾਜਨੀਤੀ ਦੀ ਕਾਮਯਾਬੀ ਹੈ। ਉਸ ਦੀ ‘ਕੰਮ ਦੀ ਰਾਜਨੀਤੀ’ ਹਰ ਪਾਸੇ ਜਿੱਤ ਰਹੀ ਹੈ। ਕਸ਼ਯਪ ਰਾਜਪੂਤ ਸਮਾਜ ਦੇ ਸਹਿਯੋਗ ਨਾਲ ਅਸੀਂ ਮਜ਼ਬੂਤ ਹੋਏ ਹਾਂ। ਹੁਣ ਸੁਸ਼ੀਲ ਕੁਮਾਰ ਰਿੰਕੂ ਸਮਾਜ ਦੇ ਹਰ ਵਰਗ ਦੇ ਸਮਰਥਨ ਨਾਲ ਜਲੰਧਰ ਲੋਕ ਸਭਾ ਸੀਟ ਜਿੱਤਣਗੇ ਅਤੇ ਸੰਸਦ ਵਿਚ ਹਰ ਵਰਗ ਦੀ ਨੁਮਾਇੰਦਗੀ ਕਰਨਗੇ।
ਇਸ ਮੌਕੇ ਹਾਜ਼ਰ ਉੱਘੇ ਆਗੂਆਂ ਵਿਚ ਠੇਕੇਦਾਰ ਰਣਜੀਤ ਸਿੰਘ ਮੀਤ ਪ੍ਰਧਾਨ, ਕਰਮਜੀਤ ਸਿੰਘ ਤਾਜਪੁਰੀ ਪ੍ਰਧਾਨ ਬੀ. ਸੀ. ਫੈੱਡਰੇਸ਼ਨ, ਦਰਸ਼ਨ ਸਿੰਘ, ਰਾਕੇਸ਼ ਕਸ਼ਯਪ ਜਨਰਲ ਸਕੱਤਰ, ਡਾ. ਦਲਜੀਤ ਸਿੰਘ ਸੈਲਾ ਖੁਰਦ ਅਤੇ ਕਸ਼ਯਪ ਰਾਜਪੂਤ ਮਹਾਸਭਾ ਜਲੰਧਰ ਤੋਂ ਚੇਅਰਮੈਨ ਪਰਮਜੀਤ ਸਿੰਘ ਠੇਕੇਦਾਰ, ਚਰਨਜੀਤ ਸਿੰਘ ਅਤੇ ਦਵਿੰਦਰ ਸਿੰਘ ਫੌਜੀ, ਕਰਤਾਰਪੁਰ ਤੋਂ ਸੁਰਿੰਦਰ ਬੱਬੂ, ਜਗਜੀਤ ਸਿੰਘ, ਰਮਨ ਕੁਮਾਰ ਅਤੇ ਨਰਿੰਦਰ ਸਿੰਘ ਤੋਂ ਇਲਾਵਾ ਪਰਵਿੰਦਰ ਸਿੰਘ, ਰੋਹਿਤ ਕੁਮਾਰ, ਸੌਰਵ ਕੁਮਾਰ, ਅਮਰਿੰਦਰ ਸਿੰਘ, ਜਸਵੀਰ ਸਿੰਘ, ਰਣਬੀਰ ਸਿੰਘ ਰਾਣਾ, ਹਰੀਸ਼ ਕਸ਼ਯਪ ਅਤੇ ਕਰਮਜੀਤ ਸਿੰਘ ਨੇ ਵੀ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਸਮਰਥਨ ਦਿੱਤਾ।