ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਇਤਿਹਾਸਕ ਫ਼ੈਸਲੇ ਲਏ ਹਨ, ਜਿਸ ਵਿਚ ਸਾਰੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣਾ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਉਠਾਉਣਾ ਸ਼ਾਮਲ ਹੈ। ਜਲੰਧਰ ਲੋਕ ਸਭਾ ਉਪ ਚੋਣ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਪੱਖ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਹਲਕਾ ਕਰਤਾਰਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਤੋਂ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਰੋਡ ਸ਼ੋਅ ਦੀ ਸ਼ੁਰੂਆਤ ਕਰਤਾਰਪੁਰ ਦੇ ਜੰਡੂਸਿੰਘਾ ਤੋਂ ਕੀਤੀ। ਇਥੋਂ ਉਨ੍ਹਾਂ ਨੇ ਮਦਾਰਾ ਹੁੰਦੇ ਹੋਏ ਧੋਗੜੀ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਤੁਸੀਂ ਅਕਾਲੀ ਦਲ ਅਤੇ ਕਾਂਗਰਸ ਨੂੰ 70 ਸਾਲ ਮੌਕਾ ਦਿੱਤਾ ਪਰ ਉਨ੍ਹਾਂ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ। ਸਾਨੂੰ ਕੰਮ ਕਰਨ ਲਈ ਸਿਰਫ਼ ਇਕ ਸਾਲ ਹੋਰ ਦਿਓ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਨਾ ਆਵੇ ਤਾਂ 2024 ਵਿਚ ਸਾਨੂੰ ਵੋਟ ਨਾ ਦੇਣਾ। ਰੋਜ਼ਗਾਰ ਦੇ ਮੁੱਦੇ ’ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੌਜਵਾਨਾਂ ਨੂੰ 5 ਸਾਲ ਵਿਚ ਸਿਰਫ਼ ਇਕ ਵਾਰ ਸਰਕਾਰੀ ਨੌਕਰੀ ਦਾ ਮੌਕਾ ਦਿੰਦੀਆਂ ਸਨ। ਅਕਸਰ ਚੋਣਾਂ ਤੋਂ 6 ਮਹੀਨੇ ਪਹਿਲਾਂ ਸਰਕਾਰੀ ਨੌਕਰੀਆਂ ਦੀਆਂ ਆਸਾਮੀਆਂ ਕੱਢੀਆਂ ਜਾਂਦੀਆਂ ਸਨ। ਅਸੀਂ ਸਿਰਫ ਇਕ ਸਾਲ ਵਿਚ ਹੀ 3 ਵਾਰ ਸਰਕਾਰੀ ਨੌਕਰੀਆਂ ਦੀਆਂ ਆਸਾਮੀਆਂ ਕੱਢੀਆਂ ਅਤੇ ਪੰਜਾਬ ਦੇ ਲਗਭਗ 29000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵਿਚ ਵੀ ਲੱਖਾਂ ਨੌਕਰੀਆਂ ਦੇ ਮੌਕੇ ਪੈਦਾ ਕੀਤੇ।