ਜਲੰਧਰ ਜ਼ਿਮਨੀ ਚੋਣ ‘ਚੋਂ ਵੱਡੇ ਲੀਡਰ ਗ਼ਾਇਬ, ਸੂਬਾ ਨੇਤਾਵਾਂ ਦੇ ਹੱਥ ਕਮਾਨ


ਚੰਡੀਗੜ੍ਹ/ਜਲੰਧਰ- ਪੰਜਾਬ ਵਿਚ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਗਾਇਬ ਰਹਿਣਗੇ। ਭਾਜਪਾ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਜੋ ਸੂਚੀ ਚੋਣ ਕਮਿਸ਼ਨ ਨੂੰ ਭੇਜੀ ਹੈ, ਉਸ ਵਿਚ ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਨਾਂ ਵੀ ਸ਼ਾਮਲ ਨਹੀਂ ਕੀਤਾ ਹੈ।
ਇਸ ਸੂਚੀ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਗਜੇਂਦਰ ਸ਼ੇਖਾਵਤ ਅਤੇ ਹਰਦੀਪ ਪੁਰੀ ਦਾ ਨਾਂ ਤਾਂ ਹੈ ਪਰ ਉਪਰੋਕਤ ਸੀਨੀਅਰ ਨੇਤਾ ਇਸ ਸੂਚੀ ਤੋਂ ਬਾਹਰ ਹਨ। ਇਸ ਤੋਂ ਇਹ ਵੀ ਲੱਗਦਾ ਹੈ ਕਿ ਭਾਜਪਾ ਜਲੰਧਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਦੁਚਿੱਤੀ ਵਿਚ ਹੈ। ਸ਼ਾਇਦ ਪਾਰਟੀ ਨਹੀ ਚਾਹੁੰਦੀ ਕਿ ਉਸ ਦੇ ਸੀਨੀਅਰ ਨੇਤਾ ਅਜਿਹੀ ਸੀਟ ’ਤੇ ਪ੍ਰਚਾਰ ਕਰਨ ਜਾਣ ਜਿੱਥੇ ਸੰਭਾਵਨਾ ਘੱਟ ਹੋਵੇ।
ਭਾਜਪਾ ਨੇ ਸਟਾਰ ਪ੍ਰਚਾਰਕਾਂ ਵਿਚ ਜ਼ਿਆਦਾਤਰ ਸੂਬੇ ਦੇ ਨੇਤਾਵਾਂ ਨੂੰ ਹੀ ਜਗ੍ਹਾ ਦਿੱਤੀ ਹੈ। ਇਸ ਵਿਚ ਵੀ ਜ਼ਿਆਦਾਤਰ ਕਾਂਗਰਸ ਤੋਂ ਆਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਰਗੇ ਨੇਤਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਕੁਝ ਨੇਤਾਵਾਂ ਨੂੰ ਵੀ ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਕੀਤਾ ਗਿਆ ਹੈ। ਪਰਦੇ ਦੇ ਪਿੱਛੇ ਭਾਜਪਾ ਵਿਚ ਕੀ ਚੱਲ ਰਿਹਾ ਹੈ, ਇਹ ਪਾਰਟੀ ਵਿਚ ਨਾ ਤਾਂ ਪੁਰਾਣੇ ਨੇਤਾਵਾਂ ਨੂੰ ਪਤਾ ਹੈ ਤੇ ਨਾ ਨਵੇਂ ਸ਼ਾਮਲ ਹੋਏ ਨੇਤਾਵਾਂ ਨੂੰ।

ਦੂਜੇ ਪਾਸੇ ਕਾਂਗਰਸ ਨੇ ਵੀ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਵੀ ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਨਹੀਂ ਕੀਤਾ ਹੈ। ਸੂਬੇ ਦੇ ਨੇਤਾਵਾਂ ਤੋਂ ਇਲਾਵਾ ਹੋਰ ਸੂਬਿਆਂ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਜਲੰਧਰ ਉਪ ਚੋਣ ਵਿਚ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੈ। ਭਾਜਪਾ ਅਤੇ ਕਾਂਗਰਸ ਵਲੋਂ ਆਪਣੇ ਸੀਨੀਅਰ ਨੇਤਾਵਾਂ ਨੂੰ ਜਲੰਧਰ ਉਪ ਚੋਣ ਵਿਚ ਆਪਣੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਤੋਂ ਦੂਰ ਰੱਖਣ ਤੋਂ ਲੱਗਦਾ ਹੈ ਕਿ ਦੋਵੇਂ ਹੀ ਪਾਰਟੀਆਂ ਇਸ ਉਪ ਚੋਣ ਨੂੰ ਲੈ ਕੇ ਖਾਸ ਗੰਭੀਰ ਨਹੀਂ ਹਨ।

Leave a Reply

Your email address will not be published. Required fields are marked *