ਫਿਰੋਜ਼ਪੁਰ : ਫਿਰੋਜ਼ਪੁਰ ਦੇ ਹੁਸੈਨੀਵਾਲਾ ‘ਚ ਸ਼ਹੀਦੀ ਸਮਾਰਕ ‘ਤੇ ਹਰਿਆਣਾ ਦੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਦੇਸੀ ਘਿਓ ਦੇ ਦੀਵੇ ਬਾਲੇ। ਕਿਸਾਨਾਂ ਨੇ ਹਰਿਆਣਾ ‘ਚ ਘਰ-ਘਰ ਜਾ ਕੇ ਦੋ-ਦੋ ਚਮਚ ਦੇਸੀ ਘਿਓ ਇਕੱਠਾ ਕਰ ਕੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਜੋਤ ਜਗਾਉਣ ਲਈ ਦੇਸੀ ਘਿਓ ਦੀ ਘਾਟ ਨਹੀਂ ਆਉਣ ਦੇਣਗੇ। ਵੀਰਵਾਰ ਨੂੰ ਜੀਂਦ ਦੇ ਕਰੀਬ 200 ਸਾਥੀਆਂ ਦੇ ਨਾਲ ਫਿਰੋਜ਼ਪੁਰ ਪਹੁੰਚੇ ਭਾਰਤੀ ਕਿਸਾਨ ਸੰਘਰਸ਼ ਸੀਮਿਤ ਦੇ ਰਾਸ਼ਟਰ ਪ੍ਰਧਾਨ ਸਤਬੀਰ ਸਿੰਘ ਪਹਿਲਵਾਨ ਨੇ ਹੁਸੈਨੀਵਾਲਾ ‘ਚ ਦੇਸੀ ਘਿਓ ਦੇ ਦੀਵੇ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀ ਪਿਛਲੇ ਦਿਨੀਂ ਹੁਸੈਨੀਵਾਲਾ ‘ਚ ਸ਼ਰਧਾਂਜਲੀ ਭੇਟ ਕਰਨ ਆਏ ਸਨ ਤਾਂ ਉਨ੍ਹਾਂ ਦੇਖਿਆ ਕਿ ਇੱਥੇ ਸਰਕਾਰ ਵੱਲੋਂ ਐੱਲ. ਪੀ. ਜੀ. ਗੈਸ ਦੀ ਜੋਤ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਉਨ੍ਹਾਂ 23 ਮਾਰਚ ਨੂੰ ਗੋਹਾਨਾ ‘ਚ ਦੇਸੀ ਘਿਓ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਅਤੇ 3 ਅਪ੍ਰੈਲ ਨੂੰ ਪ੍ਰਸ਼ਾਸਨ ਨੂੰ 11 ਕੁਇੰਟਲ 80 ਕਿਲੋ ਘਿਓ ਉਨ੍ਹਾਂ ਨੂੰ ਸੌਂਪ ਦਿੱਤਾ। ਇਸ ਸਬੰਧੀ ਉਨ੍ਹਾਂ ਆਖਿਆ ਕਿ ਸ਼ਹੀਦ ਸਾਡੇ ਮਾਰਗਦਰਸ਼ਕ ਹਨ ਤੇ ਇਨ੍ਹਾਂ ਦੇ ਕਾਰਨ ਹੀ ਅਸੀਂ ਆਜ਼ਾਦ ਹੋਏ ਹਾਂ, ਇਸ ਲਈ ਉਨ੍ਹਾਂ ਨੂੰ ਘਿਓ ਦੀ ਜੋਤ ਜਗਾ ਕੇ ਸ਼ਰਧਾਂਜਲੀ ਦੇਣੀ ਚਾਹੀਦੀ ਹੈ।
ਰਾਸ਼ਟਰੀ ਸਹਾਲਕਾਰ ਅਜੀਤ ਘਣਘਸ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ‘ਤੇ ਚੱਲਣ ਵਾਲੀ ‘ਆਪ’ ਸਰਕਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਏ ਅਤੇ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਾਂਗੇ। ਇਸ ਦੇ ਨਾਲ ਹੀ ਹਰਿਆਣਾ ਪ੍ਰਧਾਨ ਵਿਕਾਸ ਸ਼ਿਖਰ ਨੇ ਅਪੀਲ ਕੀਤੀ ਕਿ ਪ੍ਰਸ਼ਾਸਨ ਐੱਲ. ਪੀ. ਜੀ. ਦੀ ਥਾਂ ਦੇਸੀ ਘਿਓ ਦੀ ਜੋਤ ਜਗਾਈ ਜਾਵੇ।