CM ਮਾਨ ਵੱਲੋਂ ਗੁਰੂ ਤੇਗ ਬਹਾਦਰ ਅਜਾਇਬ ਘਰ ਦਾ ਉਦਘਾਟਨ, ਕਰ ਦਿੱਤੇ ਅਹਿਮ ਐਲਾਨ


ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਇੱਥੇ ਗੁਰੂ ਤੇਗ ਬਹਾਦਰ ਅਜਾਇਬ ਘਰ ਦਾ ਉਦਘਾਟਨ ਕੀਤਾ ਅਤੇ ਪੰਜ ਪਿਆਰਾ ਪਾਰਕ ਦੇ ਕਾਰਜਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰੀਬ 2 ਕਰੋੜ ਰੁਪਏ ਨਾਲ ਇਸ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ 5-6 ਪ੍ਰਾਜੈਕਟ ਹੋਰ ਵੀ ਚੱਲ ਰਹੇ ਹਨ। ਇਸ ਦੇ ਨਾਲ ਹੀ ਲੱਖਾਂ ਲੋਕ ਸਾਡੀ ਵਿਰਾਸਤ ਦੇਖ ਕੇ ਜਾਣਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਭਲਕੇ ਸਮਾਣਾ ‘ਚ ਇਕ ਹੋਰ ਟੋਲ ਪਲਾਜ਼ਾ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿਸਾਖੀ ਤੋਂ ਇਕ ਦਿਨ ਪਹਿਲਾਂ ਫ਼ਸਲਾਂ ਦਾ ਮੁਆਵਜ਼ਾ ਵੰਡਣਾ ਸ਼ੁਰੂ ਕਰ ਦੇਵਾਂਗੇ।

ਮੁੱਖ ਮੰਤਰੀ ਮਾਨ ਨੇ ਸਰਕਾਰੀ ਦਫ਼ਤਰਾਂ ਦੇ ਬਦਲੇ ਸਮੇਂ ਬਾਰੇ ਬੋਲਦਿਆਂ ਕਿਹਾ ਕਿ ਗਰਮੀ ਦੇ ਮੌਸਮ ‘ਚ ਲੋਕ ਸਵੇਰੇ-ਸਵੇਰੇ ਆ ਕੇ ਆਪਣੇ ਕੰਮ ਕਰਵਾ ਸਕਣਗੇ ਅਤੇ ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮ ਵੀ ਦੁਪਹਿਰ ਨੂੰ ਆਪਣੇ ਘਰ ਪਹੁੰਚ ਜਾਣਗੇ ਅਤੇ ਉਨ੍ਹਾਂ ਦੇ ਬੱਚੇ ਵੀ ਸਕੂਲਾਂ ਤੋਂ ਪਰਤ ਆਉਣਗੇ ਤਾਂ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾ ਸਕਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਸੜਕਾਂ ਨੂੰ ਪ੍ਰਾਈਵੇਟ ਕੰਪਨੀਆਂ ਤੋਂ ਮੁਕਤ ਕਰ ਦੇਵਾਂਗੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਸੁਖਬੀਰ ਬਾਦਲ ਕਹਿੰਦੇ ਸਨ ਕਿ ਅਸੀਂ ਸੜਕਾਂ ਬਣਾਈਆਂ ਪਰ ਸੜਕਾਂ ਤਾਂ ਕੰਪਨੀਆਂ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ‘ਤੇ ਗਰੀਬ ਦੀ ਦਿਹਾੜੀ ਨਹੀਂ ਟੁੱਟੇਗੀ ਅਤੇ ਉਹ ਆਪਣਾ ਕੰਮ ਕਰਵਾ ਕੇ ਦਿਹਾੜੀ ਵੀ ਲਾ ਸਕੇਗਾ ਪਰ ਸੁਖਬੀਰ ਬਾਦਲ ਨੂੰ ਨਹੀਂ ਪਤਾ ਕਿ ਦਿਹਾੜੀ ਟੁੱਟਣਾ ਕੀ ਹੁੰਦਾ ਹੈ ਕਿਉਂਕਿ ਕਦੇ ਉਨ੍ਹਾਂ ਨੇ ਅੱਜ ਤੱਕ ਕਿਸੇ ਲੇਬਰ ਚੌਂਕ ‘ਚ ਆਪਣੀ ਗੱਡੀ ਵੀ ਖੜ੍ਹੀ ਨਹੀਂ ਕੀਤੀ ਹੋਣੀ।

ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਮੰਦਬੁੱਧੀ ਤੱਕ ਕਹਿ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਹੀ ਕਈ ਵਾਰ ਕਹਿ ਦਿੱਤਾ ਕਿ ਉਹ ਮੇਰੇ ਪਿਤਾ ਸਮਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਡੱਕਾ ਵੀ ਨਹੀਂ ਤੋੜਿਆ ਅਤੇ ਆਪਣੀ ਸਰਕਾਰ ਵੇਲੇ ਕਿਸਾਨਾਂ ਨੂੰ 25-25 ਰੁਪਏ ਦੇ ਚੈੱਕ ਵੀ ਵੰਡੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਲੋਕਾਂ ਨੇ ਜੋ ਫ਼ੈਸਲਾ ਲਿਆ ਹੈ, ਉਹ ਸਾਡੇ ਸਿਰ-ਮੱਥੇ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦਾ ਪੈਸਾ ਲੋਕਾਂ ‘ਤੇ ਹੀ ਲਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਸਿਰ ਬਹੁਤ ਕਰਜ਼ਾ ਚੜ੍ਹਾ ਰੱਖਿਆ ਸੀ, ਜਿਸ ਨੂੰ ਅਸੀਂ ਹੌਲੀ-ਹੌਲੀ ਕਰਕੇ ਖ਼ਤਮ ਕਰ ਰਹੇ ਹਾਂ।

Leave a Reply

Your email address will not be published. Required fields are marked *