ਅੰਮ੍ਰਿਤਸਰ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਪਪਲਪ੍ਰੀਤ ਨੂੰ ਸੋਮਵਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਤੋਂ ਕੌਮੀ ਸੁਰੱਖਿਆ ਐਕਟ (ਐੱਨ. ਐੱਸ. ਏ.) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਡਿਬਰੂਗੜ੍ਹ ਲੈ ਕੇ ਜਾਣ ਸਮੇਂ ਏਅਰਪੋਰਟ ’ਤੇ ਪਪਲਪ੍ਰੀਤ ਨੇ ਮੀਡੀਆ ਸਾਹਮਣੇ ਬਿਆਨ ਦਿੰਦਿਆਂ ਕਿਹਾ ਕਿ ਉਸਦੀ ਗ੍ਰਿਫਤਾਰੀ ਕੱਲ੍ਹ ਹੀ ਹੋਈ ਹੈ। ਪਪਲਪ੍ਰੀਤ ਨੇ ਕਿਹਾ ਕਿ ਇਹ ਬਿਲਕੁਲ ਠੀਕ ਹੈ ਅਤੇ ਪੁਲਸ ਨੇ ਉਸ ਨੂੰ ਕੱਲ੍ਹ (ਸੋਮਵਾਰ) ਨੂੰ ਹੀ ਗ੍ਰਿਫ਼ਤਾਰ ਕੀਤਾ ਹੈ।
ਪਪਲਪ੍ਰੀਤ ਹੈਂਡਲ ਕਰਦਾ ਸੀ ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟਸ
ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਨੈੱਟਵਰਕ ਪਪਲਪ੍ਰੀਤ ਸਿੰਘ ਵਲੋਂ ਹੀ ਸੰਭਾਲਿਆ ਜਾਂਦਾ ਰਿਹਾ ਸੀ। 18 ਮਾਰਚ ਦੀ ਪੁਲਸ ਕਾਰਵਾਈ ਤੋਂ ਬਾਅਦ ਤੋਂ ਲਗਾਤਾਰ ਅੰਮ੍ਰਿਤਪਾਲ ਸਿੰਘ ਦੇ ਨਾਲ ਰਹੇ ਪਪਲਪ੍ਰੀਤ ਸਿੰਘ ਨੇ ਹੀ ਸਮਰਥਨ ਜੁਟਾਉਣ ਅਤੇ ਦਬਾਅ ਬਣਾਉਣ ਦੀ ਰਣਨੀਤੀ ਤਹਿਤ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਸਲਾਹ ਦਿੱਤੀ ਸੀ। ਪੁਲਸ ਸੂਤਰਾਂ ਮੁਤਾਬਕ ਕੁਝ ਮਹੀਨਿਆਂ ਦੌਰਾਨ ਹੀ ਚਰਚਾ ਵਿਚ ਆਏ ਅੰਮ੍ਰਿਤਪਾਲ ਸਿੰਘ ਦੀ ਮੀਡੀਆ ਅਤੇ ਸੋਸ਼ਲ ਮੀਡੀਆ ਮੈਨੇਜਮੈਂਟ ਸ਼ੁਰੂ ਤੋਂ ਹੀ ਪਪਲਪ੍ਰੀਤ ਸਿੰਘ ਵੇਖ ਰਿਹਾ ਸੀ। ਉਹੀ ਸੀ, ਜੋ ਅੰਮ੍ਰਿਤਪਾਲ ਸਿੰਘ ਦੀ ਸੋਸ਼ਲ ਮੀਡੀਆ ’ਤੇ ਮੌਜੂਦਗੀ ਬਣਾਈ ਰੱਖਣ ਲਈ ਪਲਾਨਿੰਗ ਕਰਦਾ ਸੀ ਅਤੇ ਕਮਾਂਡ ਦਿੰਦਾ ਸੀ।