ਅੰਕਾਰਾ- ਤੁਰਕੀ ਦੇ 2 ਸੂਬਿਆਂ ਵਿੱਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਕਿ ਬਚਾਅ ਟੀਮਾਂ ਤਿੰਨ ਥਾਵਾਂ ‘ਤੇ ਲਾਪਤਾ 5 ਲੋਕਾਂ ਦੀ ਭਾਲ ਕਰ ਰਹੀਆਂ ਹਨ। ਸੋਇਲੂ ਨੇ ਕਿਹਾ ਕਿ ਦੱਖਣ-ਪੂਰਬੀ ਸੂਬੇ ਸਾਨਲਿਉਰਫਾ ਵਿੱਚ ਹੜ੍ਹ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਗੁਆਂਢੀ ਅਦਿਆਮਨ ਸੂਬੇ ਵਿੱਚ 2 ਲੋਕ ਮਾਰੇ ਗਏ ਹਨ।
ਸਥਾਨਕ ਟੈਲੀਵਿਜ਼ਨ ਦੀ ਖ਼ਬਰ ਮੁਤਾਬਕ ਅਦਿਆਮਨ ਵਿੱਚ ਭੂਚਾਲ ਵਿਚ ਜਿਊਂਦਾ ਬਚੇ ਇੱਕ ਪਰਿਵਾਰ ਦੇ ਕੈਂਪ ਵਿੱਚ ਪਾਣੀ ਭਰ ਜਾਣ ਕਾਰਨ ਪੀੜਤ ਡੁੱਬ ਗਏ। ਗੁਆਂਢੀ ਸਾਨਲਿਉਰਫਾ ਸੂਬੇ ਦੇ ਗਵਰਨਰ ਸਾਲੀਹ ਅਹਾਨ ਨੇ ਸਥਾਨਕ ਟੈਲੀਵਿਜ਼ਨ ਨੂੰ ਦੱਸਿਆ ਕਿ ਉਨ੍ਹਾਂ ਦੇ ਇਲਾਕੇ ‘ਚ ਆਏ ਹੜ੍ਹ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਰਮੀਆਂ ਨੂੰ ਬਾਅਦ ਵਿੱਚ ਸਨਲੀਉਰਫਾ ਵਿੱਚ ਇੱਕ ਅਪਾਰਟਮੈਂਟ ਵਿੱਚ 5 ਸੀਰੀਆਈ ਲੋਕਾਂ ਦੀਆਂ ਲਾਸ਼ਾਂ ਅਤੇ ਇੱਕ ਵਾਹਨ ਦੇ ਅੰਦਰ 2 ਹੋਰ ਲਾਸ਼ਾਂ ਮਿਲੀਆਂ। ਸੈਨਲਿਉਰਫਾ ਟੈਲੀਵਿਜ਼ਨ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਹੜ੍ਹ ਨਾਲ ਭਰੀਆਂ ਸੜਕਾਂ ਅਤੇ ਕਾਰਾਂ ਪਾਣੀ ਵਿੱਚ ਤੈਰਦੀਆਂ ਦਿਖਾਈ ਦਿੱਤੀਆਂ।