ਨਵੀਂ ਦਿੱਲੀ, ਕੇਂਦਰ ਸਰਕਾਰ ਦੀ ਬੇਨਤੀ ’ਤੇ ਖਾਲਿਸਤਾਨ ਸਮਰਥਕ ਨੂੰ ਉਤਸ਼ਾਹਿਤ ਕਰਨ ਵਾਲੇ ਘੱਟੋ-ਘੱਟ 6 ਯੂ-ਟਿਊਬ ਚੈਨਲ ‘ਬਲਾਕ’ ਕੀਤੇ ਗਏ ਹਨ। ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰਾ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਇਨ੍ਹਾਂ ਯੂ-ਟਿਊਬ ਚੈਨਲਾਂ ਨੂੰ ਪਿਛਲੇ 10 ਦਿਨਾਂ ਤੋਂ ਬਲਾਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ’ਚ ਸਮੱਗਰੀ ਪੇਸ਼ ਕਰਨ ਵਾਲੇ ਇਹ ਚੈਨਲ ਸਰਹੱਦੀ ਸੂਬੇ ’ਚ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਚੈਨਲ ਨੂੰ ਬਲਾਕ ਕਰਨ ਦੇ ਸਬੰਧ ’ਚ ਸਰਕਾਰ ਦੀ ਬੇਨਤੀ ’ਤੇ ਯੂ-ਟਿਊਬ 48 ਘੰਟਿਆਂ ਦੇ ਅੰਦਰ ਕਾਰਵਾਈ ਕਰ ਰਿਹਾ ਹੈ।
ਸਰਕਾਰ ਨੇ ਯੂ-ਟਿਊਬ ਨੂੰ ਇਤਰਾਜ਼ਯੋਗ ਸਮੱਗਰੀ ਨੂੰ ਸਵੈਚਲਿਤ ਤੌਰ ’ਤੇ ਪਛਾਣਨ ਅਤੇ ਇਸ ਨੂੰ ਬਲਾਕ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਗਣਿਤ ਦੇ ਤਰੀਕਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਸੰਦਰਭ ’ਚ ਯੂ-ਟਿਊਬ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਸਮੱਗਰੀ ਖੇਤਰੀ ਭਾਸ਼ਾਵਾਂ ’ਚ ਅਪਲੋਡ ਕੀਤੀ ਜਾ ਰਹੀ ਹੈ ਅਤੇ ਸਮੱਗਰੀ ਦੀ ਜਾਂਚ ਕਰਨ ਲਈ ਲਗਾਈ ਗਈ ਪ੍ਰਣਾਲੀ ਅੰਗਰੇਜ਼ੀ ਭਾਸ਼ਾ ’ਤੇ ਅਧਾਰਿਤ ਹੈ। ਹਾਲ ਹੀ ’ਚ ਖਾਲਿਸਤਾਨ ਸਮਰਥਕ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਪੰਜਾਬ ਦੇ ਅਜਨਾਲਾ ’ਚ ਇਕ ਥਾਣੇ ’ਤੇ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਸਮਰਥਕ ਹਥਿਆਰਾਂ ਨਾਲ ਲੈਸ ਸਨ ਅਤੇ ਆਪਣੇ ਇਕ ਸਾਥੀ ਦੀ ਰਿਹਾਈ ਦੀ ਮੰਗ ਕਰ ਰਹੇ ਸਨ।