ਲੁਧਿਆਣਾ- ਲੁਧਿਆਣਾ ਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ‘ਚ ਮਾਹੌਲ ਉਸ ਵੇਲੇ ਗਰਮਾ ਗਿਆ, ਜਦੋਂ ਗਰਲਜ਼ ਹੋਸਟਲ ਦੀ ਕੰਧ ਟੱਪ ਕੇ ਆਏ ਇਕ ਵਿਅਕਤੀ ਨੇ ਕੁੜੀ ਨਾਲ ਹਥਿਆਰ ਦੀ ਨੋਕ ‘ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਕੁੜੀ ਵੱਲੋਂ ਰੌਲਾ ਪਾਉਣ ‘ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।
ਰੌਲਾ ਸੁਣ ਕੇ ਕਮਰਿਆਂ ‘ਚ ਰਹਿ ਰਹੀਆਂ ਬਾਕੀ ਕੁੜੀਆਂ ਵੀ ਬਾਹਰ ਨਿਕਲੀਆਂ ਤਾਂ ਉਨ੍ਹਾਂ ਨੇ ਕੁੜੀ ਨੂੰ ਕਮਰੇ ਦੇ ਬਾਹਰ ਜ਼ਖਮੀ ਹਾਲਤ ‘ਚ ਡਿੱਗੀ ਹੋਈ ਦੇਖਿਆ ਅਤੇ ਮਾਮਲੇ ਦੀ ਸੂਚਨਾ ਵਾਰਡਨ ਨੂੰ ਦਿੱਤੀ। ਇਸ ਤੋਂ ਬਾਅਦ ਕਾਲਜ ਦੀ ਮੈਨਜਮੈਂਟ ਨੂੰ ਸੂਚਿਤ ਕੀਤਾ ਗਿਆ ਅਤੇ ਫਿਰ ਪੁਲਸ ਨੂੰ ਬੁਲਾਇਆ ਗਿਆ। ਜ਼ਖਮੀ ਕੁੜੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਇਸ ਤੋਂ ਬਾਅਦ ਗੁੱਸੇ ‘ਚ ਆਈਆਂ ਵਿਦਿਆਰਥਣਾਂ ਨੇ ਕਾਲਜ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਦਿਆਰਥਣਾਂ ਵੱਲੋਂ ਕਾਲਜ ‘ਤੇ ਸੁਰੱਖਿਆ ਪ੍ਰਬੰਧਾਂ ‘ਚ ਢਿੱਲ ਵਰਤਣ ਦਾ ਦੋਸ਼ ਲਾਇਆ ਗਿਆ। ਵਿਦਿਆਰਥਣਾਂ ਕਾਲਜ ਦੇ ਘਟੀਆ ਸਕਿਓਰਿਟੀ ਸਿਸਟਮ ਨੂੰ ਲੈ ਕੇ ਕਾਫ਼ੀ ਨਾਰਾਜ਼ ਹਨ। ਇਸ ਬਾਰੇ ਏ. ਸੀ. ਪੀ. ਜਸਵੀਰ ਸਿੰਘ ਮੁਰਾਦ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।