ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵਲੋਂ 3 ਮਾਰਚ ਤੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਮਨਜ਼ੂਰੀ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ, ਜਿਸ ਦੀ ਮਨਜ਼ੂਰੀ ਦੇਣ ਸਬੰਧੀ ਰਾਜਪਾਲ ਵਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਸੀ। ਪ੍ਰੈੱਸ ਕਾਨਫਰੰਸ ’ਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਲੋਕਤੰਤਰ, ਡਾ. ਬੀ. ਆਰ. ਅੰਬੇਡਕਰ ਦੇ ਸੰਵਿਧਾਨ ਅਤੇ 3 ਕਰੋੜ ਪੰਜਾਬੀਆਂ ਦੀ ਜਿੱਤ ਹੈ, ਜਿਨ੍ਹਾਂ ਨੇ ਪੰਜਾਬ ਵਿਚ ਮਾਨ ਸਰਕਾਰ ਚੁਣੀ। ਉਨ੍ਹਾਂ ਨੇ ਕਿਹਾ ਕਿ ਇਹ ਸਰਵਉੱਚ ਅਦਾਲਤ ਦਾ ਬੇਂਚਮਾਰਕ ਫ਼ੈਸਲਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਤੋਂ ਬਾਅਦ ਰਾਜਪਾਲ ਚੁਣੀ ਹੋਈ ਸਰਕਾਰ ਦੇ ਦਿਨ-ਪ੍ਰਤੀ-ਦਿਨ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਗੇ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਰਾਜ ਭਵਨ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਕੰਗ ਨੇ ਕਿਹਾ ਕਿ ਉਹ ਗਵਰਨਰ ਹਾਊਸ ਨੂੰ ਭਾਜਪਾ ਦਾ ਰਾਜਨੀਤਕ ਦਫ਼ਤਰ ਨਾ ਬਣਾਉਣ ਸਗੋਂ ਪੰਜਾਬ ਦੇ ਸਮਾਵੇਸ਼ੀ ਵਿਕਾਸ ਲਈ ਮਾਨ ਸਰਕਾਰ ਨੂੰ ਸਹਿਯੋਗ ਕਰਨ। ਭਾਜਪਾ ਦੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਦਿੱਲੀ ਵਿਚ ਐੱਲ. ਜੀ. ਦਫ਼ਤਰ ਅਤੇ ਪੰਜਾਬ ਵਿਚ ਗਵਰਨਰ ਹਾਊਸ ਦਾ ਇਸਤੇਮਾਲ ਕਰ ਕੇ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਸਿਖਰਲੀ ਅਦਾਲਤ ਨੇ ਇਕ ਵਾਰ ਫਿਰ ਸੰਵਿਧਾਨ ਦਾ ਕਤਲ ਹੋਣ ਤੋਂ ਬਚਾ ਲਿਆ।