ਦਿੜ੍ਹਬਾ ਮੰਡੀ, 31 ਜੁਲਾਈ (ਦਲਜੀਤ ਸਿੰਘ)- ਦੇਸ਼ ਅੰਦਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆਉਣ ਵਾਲੀ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿਚ ਹਰਾਉਣ ਲਈ ਵਿਸ਼ੇਸ਼ ਮਿਸ਼ਨ 2022 ਸ਼ੁਰੂ ਕੀਤਾ ਗਿਆ ਹੈ ਅਤੇ ਪੰਜਾਬ ਵਿਚ ਵੀ ਮਿਸ਼ਨ 2022 ਤਹਿਤ ਲੋਕਾਂ ਨੂੰ ਆਪਣੀ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਕਤ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਚਢੂਨੀ) ਹਰਿਆਣਾ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਅੱਜ ਦਿੜ੍ਹਬਾ ਵਿਖੇ ਆੜ੍ਹਤੀ ਆਗੂ ਸੁਨੀਲ ਕੁਮਾਰ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਹ ਪੰਜਾਬ ਅੰਦਰ ਮਿਸ਼ਨ ਪੰਜਾਬ ਲਈ ਵੱਖ -ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਮੌਕੇ ਕਿਸਾਨਾਂ ਦੇ ਹੱਕ ਵਿਚ ਨਹੀਂ ਹਨ। ਦੇਸ਼ ਅੰਦਰ ਲੋਕਾਂ ਦਾ ਰਾਜ ਨਹੀਂ ਹੈ ਬਲਕਿ ਕਾਰਪੋਰੇਟ ਘਰਾਣੇ ਆਪਣਾ ਰਾਜ ਚਲਾ ਰਹੇ ਹਨ। ਪੰਜਾਬ ਮਿਸ਼ਨ ਬਾਰੇ ਉਨ੍ਹਾਂ ਕਿਹਾ ਕਿ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਜੇਕਰ ਪੰਜਾਬ ਦੇ ਲੋਕ ਬਦਲਾਓ ਲਿਆਉਣਾ ਚਾਹੁੰਦੇ ਹਨ ਤਾਂ ਸਿਆਣੇ ਅਤੇ ਸੂਬੇ ਦੇ ਨਾਲ ਦੇਸ਼ ਦੀ ਭਲਾਈ ਚਾਹੁੰਣ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ। ਪ੍ਰਚੱਲਤ ਸਿਆਸੀ ਪਾਰਟੀਆਂ ਤੋਂ ਲੋਕਾਂ ਦੇ ਭਲੇ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ।
ਪੰਜਾਬ ਵਿਚ ਲੋਕਾਂ ਦਾ ਰਾਜ ਕਾਇਮ ਕਰਕੇ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲਿਆਂ ਨੂੰ ਪਿੱਛੇ ਧੱਕ ਕੇ ਪੰਜਾਬ ਨੂੰ ਪੂਰੇ ਦੇਸ਼ ਲਈ ਮਾਡਲ ਬਣਾ ਕੇ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਨ ’ਤੇ ਵੀ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਿਸ ਕਰਕੇ 2022 ਵਿਚ ਪੰਜਾਬ ਵਿਚ ਲੋਕ ਆਪਣੀ ਸਰਕਾਰ ਬਣਾ ਕੇ 2024 ਤੱਕ ਰਵਾਇਤੀ ਪਾਰਟੀਆਂ ਨੂੰ ਸਤਾ ਤੋਂ ਦੂਰ ਕਰ ਸਕਦੇ ਹਨ। ਦੋ ਸਾਲ ਦੀ ਚੰਗੀ ਕਾਰਗੁਜ਼ਾਰੀ ਸਦਕਾ 2024 ਵਿਚ ਪੂਰੇ ਦੇਸ਼ ਵਿਚ ਕਿਸਾਨਾਂ ਦੀ ਲਹਿਰ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਬਣਾਏ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਰੰਟ ਹਨ। ਜਿਸ ਕਰਕੇ ਇਹ ਕਾਨੂੰਨ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਜਦੋਂ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਸੁਨੀਲ ਕੁਮਾਰ, ਦਰਸ਼ਨ ਸਿੰਘ ਘੁਮਾਣ, ਧਰਮਪਾਲ ਅਤੇ ਪ੍ਰਦੀਪ ਕੁਮਾਰ ਹਾਜ਼ਰ ਸਨ।