ਗੁਰਦਾਸਪੁਰ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਗੁਰਦਾਸਪੁਰ ਦੇ ਨੌਜਵਾਨ ਨੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇੰਟਕ ਦੇ ਕੌਮੀ ਮੀਡੀਆ ਇੰਚਾਰਜ ਅਤੇ ਗੁਰਦਾਸਪੁਰ ਦੇ ਨੌਜਵਾਨ ਅਮਰਜੋਤ ਸਿੰਘ, ਜੋ ਕਾਫ਼ੀ ਸਮੇਂ ਪਹਿਲਾਂ ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਉਣ ਕਾਰਨ ਚਰਚਾ ਵਿੱਚ ਰਹੇ ਸਨ ਨੇ, ਇਕ ਵਾਰ ਫਿਰ ਸਾਂਸਦ ਸੰਨੀ ਦਿਓਲ ਕੋਲੋਂ ਉਨ੍ਹਾਂ ਦੇ ਸਰਕਾਰੀ ਨਿਵਾਸ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲੈਣ ਦੇ ਨਾਲ-ਨਾਲ ਉਨ੍ਹਾਂ ਨੂੰ ਮਿਲਦੀ ਤਨਖ਼ਾਹ ਅਤੇ ਸਰਕਾਰੀ ਭੱਤੇ ਬੰਦ ਕਰਨ ਦੀ ਮੰਗ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ।
ਆਪਣੇ ਪੱਤਰ ਵਿਚ ਗੁਰਦਾਸਪੁਰ ਦੇ ਮੁਹੱਲਾ ਸੰਤ ਵਾਸੀ ਅਮਰਜੋਤ ਸਿੰਘ ਨੇ ਲਿਖਿਆ ਹੈ ਕਿ ਸੰਨੀ ਦਿਓਲ ਕਰੀਬ ਚਾਰ ਸਾਲ ਤੋਂ ਆਪਣੇ ਲੋਕ ਸਭਾ ਹਲਕੇ ਤੋਂ ਗੈਰ-ਹਾਜ਼ਰ ਰਹੇ ਹਨ ਜਦਕਿ ਗੁਰਦਾਸਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਬੜੀਆਂ ਉਮੀਦਾਂ ਨਾਲ ਚੁਣਿਆ ਸੀ। ਉਹ ਗੁਰਦਾਸਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਾਕਾਮਯਾਬ ਰਹੇ ਹਨ। ਇਸ ਲਈ ਅਜਿਹੇ ਗੈਰ-ਜ਼ਿੰਮੇਦਾਰਾਨਾ ਲੋਕ ਸਭਾ ਮੈਂਬਰ ਨੂੰ ਨਾ ਹੀ ਅਹੁਦੇ ‘ਤੇ ਬਣੇ ਰਹਿਣ ਦਾ ਹੱਕ ਹੈ, ਨਾ ਹੀ ਸਰਕਾਰੀ ਤਨਖ਼ਾਹ ਅਤੇ ਹੋਰ ਭੱਤੇ ਅਤੇ ਨਾ ਹੀ ਸਰਕਾਰੀ ਸਹੂਲਤਾ ਲੈਣ ਦਾ ਕੋਈ ਹੱਕ ਹੈ। ਇਸ ਲਈ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਦੇ ਹੋਏ ਉਹਨਾਂ ਦੀ ਤਨਖ਼ਾਹ ਤੇ ਭੱਤੇ ਬੰਦ ਕੀਤੇ ਜਾਣ ਅਤੇ ਉਨ੍ਹਾਂ ਸਰਕਾਰੀ ਸਹੂਲਤਾਂ ਵਾਪਸ ਲਈਆਂ ਜਾਣ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸ ਨੌਜਵਾਨ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸੰਨੀ ਦਿਓਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵੀ ਕੀਤੀ ਸੀ।