ਲੁਧਿਆਣਾ : ਜਬਰ ਜਨਾਹ, ਇਰਾਦਾ ਕਤਲ, ਭਗੌੜਾ ਤੇ ਮਾਣਹਾਨੀ ਦੇ ਕੇਸਾਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸ਼ੁੱਕਰਵਾਰ ਨੂੰ ਰਿਹਾਅ ਹੋ ਕੇ ਘਰ ਪਰਤ ਰਹੇ ਹਨ। ਅਕਾਲੀ ਦਲ (ਬਾਦਲ) ਤੋਂ ਵੱਖ ਹੋ ਕੇ ਆਪਣੀ ‘ਲੋਕ ਇਨਸਾਫ਼ ਪਾਰਟੀ’ ਬਣਾਉਣ ਵਾਲੇ ਬੈਂਸ ਨੇ 8 ਮਹੀਨੇ ਪਹਿਲਾਂ ਅਦਾਲਤ ਵਿਚ ਜਬਰ ਜਨਾਹ ਦੇ ਕੇਸ ਵਿਚ ਆਤਮ-ਸਮਰਪਣ ਕੀਤਾ ਸੀ। ਹਾਈਪ੍ਰੋਫਾਈਲ ਜਬਰ ਜਨਾਹ ਕੇਸ ਵਿਚ ਜਨਵਰੀ 2023 ਵਿਚ ਜ਼ਮਾਨਤ ਮਿਲਣ ਪਿੱਛੋਂ ਦੂਜੇ ਹੋਰਨਾਂ 16 ਕੇਸਾਂ ਵਿਚ ਵੀ ਬੈਂਸ ਨੂੰ ਜ਼ਮਾਨਤ ਮਿਲ ਗਈ ਹੈ।
10 ਫਰਵਰੀ ਨੂੰ ਉਨ੍ਹਾਂ ਦੇ ਸਮਰਥਕ ਕਾਰਾਂ ਦੇ ਕਾਫ਼ਲੇ ਨਾਲ ਬਰਨਾਲਾ ਜੇਲ੍ਹ ਤੋਂ ਉਨ੍ਹਾਂ ਨੂੰ ਲੈਣ ਲਈ ਜਾ ਰਹੇ ਹਨ। ਇਹ ਦੂਜੀ ਦਫ਼ਾ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਜੇਲ੍ਹ ਤੋਂ ਰਿਹਾਈ ਲਈ ਸਵਾਗਤ ਕਰ ਰਹੇ ਹਨ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅਦਾਲਤ ਤੋਂ ਮਿਲੀ ਰਾਹਤ ਉਨ੍ਹਾਂ ਦੀ ਪਾਰਟੀ ਲਈ ਕਾਫ਼ੀ ਫ਼ਾਇਦੇਮੰਦ ਹੈ। ਲੋਕ ਇਨਸਾਫ਼ ਪਾਰਟੀ ਦੇ ਸਰਗਰਮ ਆਗੂ ਗੋਲਡੀ ਅਰਨੇਜਾ ਅਨੁਸਾਰ ਸਾਰੇ ਕੇਸਾਂ ਵਿੱਚੋਂ ਜ਼ਮਾਨਤ ਮਿਲਣ ਮਗਰੋਂ ਬੈਂਸ ਦਾ ਸਵਾਗਤ ਕੀਤਾ ਜਾਣਾ ਹੈ।