ਕਿਸਾਨ ਯੂਨੀਅਨ ਨੇ ਰੇਲਵੇ ਲਾਈਨ ‘ਤੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ, ਦਿੱਤੀ ਚਿਤਾਵਨੀ

ਮਾਨਸਾ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ‘ਤੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਾਨਸਾ ਦੇ ਪਿੰਡ ਖੋਖਰ ਖੁਰਦ ਤੋਂ ਖੁਖਰ ਕਲਾਂ ਦੇ ਕਿਸਾਨਾਂ ਨੇ 976 ਏਕੜ ਜ਼ਮੀਨ , ਜੋ ਕਿ ਲੰਮੇ ਸਮੇਂ ਤੋਂ ਬੰਜਰ ਪਈ ਹੋਈ ਸੀ, ਨੂੰ ਨਹਿਰੀ ਪਾਣੀ ਲਗਾਉਣ ਲਈ ਰੇਲਵੇ ਵਿਭਾਗ ਤੋਂ ਰੇਲਵੇ ਲਾਈਨ ਹੇਠੋਂ ਲੰਘਾਉਣ ਲਈ ਮਨਜੂਰੀ ਲਈ ਸੀ ਪਰ ਰੇਲ ਵਿਭਾਗ ਨੇ ਇਸ ਬਦਲੇ ਕਿਸਾਨਾਂ ਤੋਂ ਸਵਾ ਕਰੋੜ ਰੁਪਏ ਭਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਇਹ ਰਾਸ਼ੀ ਪੰਜਾਬ ਸਰਕਾਰ ਨੂੰ ਭਰਨ ਦੀ ਅਪੀਲ ਕੀਤੀ ਜਾ ਫਿਰ ਮੁਆਫ਼ ਕਰਨ ਦੀ ਮੰਗ ਕੀਤੀ ਪਰ ਹੁਣ ਤੱਕ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਸ ਦੇ ਚੱਲਦਿਆਂ ਅੱਜ ਮਾਨਸਾ ਦੇ ਪਿੰਡ ਖੋਖਰ ਕਲਾਂ ‘ਤੇ ਕਿਸਾਨਾਂ ਵੱਲੋਂ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ‘ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਗਿਆ ਹੈ।

ਇਸ ਮੌਕੇ ਗੱਲ ਕਰਦਿਆਂ ਕਿਸਾਨ ਆਗੂ ਜਗਰਾਜ ਸਿੰਘ ਨੇ ਕਿਹਾ ਕਿ ਇਹ ਮਾਮਲਾ 2012 ਤੋਂ ਇਸ ਤਰ੍ਹਾਂ ਹੀ ਲਟਕਿਆ ਹੋਇਆ ਹੈ। ਇਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਕਿ ਕਿਉਂਕਿ ਇਹ ਸਾਰੀ ਜ਼ਮੀਨ ਬੰਜਰ ਪਈ ਹੋਈ ਹੈ। ਪੰਜਾਬ ਸਰਕਾਰ ਜੋ ਕਿਸਾਨ ਹਿਤੈਸ਼ੀ ਕਹਾਉਂਦੀ ਹੈ , ਕਿਸਾਨਾਂ ਦੇ ਇਸ ਮਸਲੇ ਦਾ ਹੱਲ ਨਹੀਂ ਕਰ ਰਹੀ। ਅਸੀਂ ਇਸ ਨੂੰ ਹੱਲ ਕਰਵਾਉਣ ਲਈ 2012 ਤੋਂ ਸੰਘਰਸ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵੀ ਅਸੀਂ ਰੇਲਵੇ ਲਾਈਨ ‘ਤੇ ਧਰਨਾ ਦੇ ਚੁੱਕੇ ਹਾਂ, ਸਿਵਲ ਪ੍ਰਸ਼ਾਸਨ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਨ ਪਰ ਮੁੱਦਾ ਉੱਥੇ ਦਾ ਉੱਥੇ ਹੀ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਸ ਮਸਲੇ ਦਾ ਹੱਲ ਨਾ ਕੀਤੀ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *