ਚੰਡੀਗੜ੍ਹ- ਆਪਣਾ ਕੰਮਕਾਜ ਠੱਪ ਕਰਕੇ ਹੜਤਾਲ ‘ਤੇ ਬੈਠੇ ਪੀ. ਸੀ. ਐੱਸ. ਅਧਿਕਾਰੀਆਂ ਵੱਲੋਂ ਡਿਊਟੀ ‘ਤੇ ਪਰਤਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੀ ਮੁੱਖ ਮੰਤਰੀ ਮਾਨ ਦੇ ਵਧੀਕ ਮੁੱਖ ਸਕੱਤਰ ਵੇਣੂੰ ਪ੍ਰਸਾਦ ਨਾਲ ਮੀਟਿੰਗ ਹੋਈ, ਜਿਸ ਤੋਂ ਬਾਅਦ ਪੀ. ਸੀ. ਐੱਸ. ਅਧਿਕਾਰੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਮੀਟਿੰਗ ਮਗਰੋਂ ਬੋਲਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ ਪਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਪੀ. ਸੀ. ਐੱਸ. ਐਸੋਸੀਏਸ਼ਨ ਦਾ ਨਰਿੰਦਰ ਸਿੰਘ ਧਾਲੀਵਾਲ ਮੁੱਦੇ ਨੂੰ ਛੱਡ ਕੇ ਕੋਈ ਹੋਰ ਮੁੱਦਾ ਨਹੀਂ ਹੈ। ਦੱਸਣਯੋਗ ਹੈ ਕਿ ਲੁਧਿਆਣਾ ‘ਚ ਹਾਲ ਹੀ ‘ਚ ਰਿਸ਼ਵਤ ਲੈਣ ਦੇ ਦੋਸ਼ ‘ਚ ਆਰ. ਟੀ. ਏ. ਲੁਧਿਆਣਾ ਨਰਿੰਦਰ ਧਾਲੀਵਾਲ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਆਰ. ਟੀ. ਓ. ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੀ ਸੋਮਵਾਰ ਤੋਂ ਪੂਰੇ ਪੰਜਾਬ ‘ਚ ਪੀ. ਸੀ. ਐੱਸ. ਅਧਿਕਾਰੀ ਹੜਤਾਲ ‘ਤੇ ਚੱਲ ਰਹੇ ਹਨ।