ਚੰਡੀਗੜ੍ਹ : ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ 8 ਜਨਵਰੀ 2023 ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਛੋਟੇ ਬੱਚਿਆਂ ਨੂੰ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਆਂਗਣਵਾੜੀ ਸੈਂਟਰ ਹੁਣ 9 ਜਨਵਰੀ 2023 ਤੋਂ ਖੋਲ੍ਹੇ ਜਾਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਧਦੀ ਠੰਡ ਕਾਰਣ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ 2 ਜਨਵਰੀ ਤੱਕ ਛੁੱਟੀਆਂ ਐਲਾਨੀਆਂ ਸਨ ਪਰ ਠੰਡ ਦਾ ਕਹਿਰ ਵਧਣ ਕਾਰਣ ਪੰਜਾਬ ਸਰਕਾਰ ਨੇ ਇਹ ਛੁੱਟੀਆਂ ਵਧਾ ਕੇ 8 ਜਨਵਰੀ ਤਕ ਕਰ ਦਿੱਤੀਆਂ। ਹੁਣ 9 ਜਨਵਰੀ ਨੂੰ ਪੰਜਾਬ ਦੇ ਸਕੂਲ ਖੁੱਲ੍ਹਣਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੌਸਮ ਵਿਭਾਗ ਆਉਣ ਵਾਲੇ 4 ਦਿਨ ਤਾਪਮਾਨ ਵਿਚ ਲਗਾਤਾਰ ਗਿਰਾਵਟ ਆਉਣ ਦੀ ਚਿਤਾਵਨੀ ਜਾਰੀ ਕਰ ਚੁੱਕਾ ਹੈ। 5 ਜਨਵਰੀ ਤਕ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਦੀ ਗੱਲ ਆਖੀ ਗਈ ਹੈ। ਵਿਭਾਗ ਦੀ ਚਿਤਾਵਨੀ ਅਨੁਸਾਰ ਮਾਝਾ ਅਤੇ ਦੋਆਬਾ ਧੁੰਦ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣਗੇ। ਦੂਜੇ ਪਾਸੇ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ਵਿਚ 6 ਜਨਵਰੀ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ।