ਵਾਸ਼ਿੰਗਟਨ- ਅਮਰੀਕਾ ਵਿਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਕਰੀਬ 20 ਕਰੋੜ ਲੋਕ ਬਰਫੀਲੇ ਤੂਫ਼ਾਨ ਦੀ ਲਪੇਟ ਵਿਚ ਆ ਗਏ ਹਨ ਅਤੇ ਛੁੱਟੀਆਂ ਦੇ ਹਫ਼ਤੇ ਤੋਂ ਪਹਿਲਾਂ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਯੂ.ਐੱਸ. ਨੈਸ਼ਨਲ ਵੈਦਰ ਸਰਵਿਸ (ਐੱਨ.ਡਬਲਯੂ.ਐੱਸ.) ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਠੰਡੇ ਦਿਨ ਦੇ ਤਾਪਮਾਨ ਦੇ ਰਿਕਾਰਡ ਟੁੱਟ ਸਕਦੇ ਹਨ। ਠੰਡ ਕਾਰਨ ਸ਼ੁੱਕਰਵਾਰ ਨੂੰ 15 ਲੱਖ ਤੋਂ ਵੱਧ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ ਅਤੇ ਹਜ਼ਾਰਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ।
ਕ੍ਰਿਸਮਸ ਲਈ ਲੋਕਾਂ ਨੂੰ ਘਰ ਪਰਤਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। NWS ਨੇ ਦੱਸਿਆ ਕਿ ਤੂਫਾਨ ਟੈਕਸਾਸ ਤੋਂ ਕਿਊਬਿਕ ਤੱਕ 3,200 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਹ ਇੱਕ ਬੰਬ ਚੱਕਰਵਾਤ ਹੈ ਜਿਸ ਨੇ ਅਮਰੀਕਾ-ਕੈਨੇਡਾ ਸਰਹੱਦ ‘ਤੇ ਗਰੇਟ ਝੀਲਾਂ ਵਿਚ ਬਰਫ਼ੀਲੇ ਤੂਫਾਨ ਦੀ ਸਥਿਤੀ ਲਿਆ ਦਿੱਤੀ ਹੈ। ਬੰਬ ਚੱਕਰਵਾਤ ਇੱਕ ਭਿਆਨਕ ਤੂਫ਼ਾਨ ਨੂੰ ਦਿੱਤਾ ਗਿਆ ਨਾਮ ਹੈ ਜਿਸ ਵਿੱਚ ਤੂਫ਼ਾਨ ਦੇ ਕੇਂਦਰ ਵਿੱਚ ਹਵਾ ਦਾ ਦਬਾਅ 24 ਘੰਟਿਆਂ ਵਿੱਚ ਘੱਟੋ-ਘੱਟ 24 ਮਿਲੀਬਾਰ ਤੱਕ ਡਿੱਗ ਸਕਦਾ ਹੈ ਅਤੇ ਇਹ ਤੇਜ਼ੀ ਨਾਲ ਵਧਦਾ ਹੈ।