ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਜ਼ੀਰਾ ਵਿਚ ਲੋਕਾਂ ਦੀਆਂ ਜਾਨਾਂ ਨੂੰ ਸ਼ਰਾਬ ਫੈਕਟਰੀ ਦੇ ਮਾਲਕਾਂ ਦੇ ਹਿੱਤਾਂ ਨਾਲੋਂ ਵੱਧ ਤਰਜੀਹ ਦਿੱਤੀ ਜਾਵੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਜ਼ੀਰਾ ਵਿਚ ਸ਼ਰਾਬ ਫੈਕਟਰੀ ਪਿਛਲੀ ਕੰਪਨੀ ਨੂੰ ਲਾਭ ਪਹੁੰਚਾਉਣ ਦੀ ਥਾਂ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਕੰਮ ਕਰਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਾਲਬਰੋਸ ਸ਼ਰਾਬ ਫੈਕਟਰੀ ਖ਼ਿਲਾਫ਼ ਧਰਨਾ ਚੱਲਦੇ ਨੂੰ ਅੱਜ 150 ਤੋਂ ਜ਼ਿਆਦਾ ਦਿਨ ਹੋ ਗਏ ਹਨ ਅਤੇ ਕੀਮਤੀ ਮਨੁੱਖੀ ਜਾਨਾਂ ਪ੍ਰਤੀ ਚਿੰਤਾ ਕਰਦਿਆਂ ਇਹ ਧਰਨਾ ਪੂਰੀ ਤਰ੍ਹਾਂ ਵਾਜਬ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸ਼ਰਾਬ ਫੈਕਟਰੀ ਬੰਦ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਮਨਸੂਰਵਾਲਾ ਤੇ ਨਾਲ ਲੱਗਵੇਂ ਪਿੰਡਾਂ ਦੇ ਲੋਕਾਂ ਵੱਲੋਂ ਬਣਾਏ ਸਾਂਝੇ ਫਰੰਟ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਉਹਨਾਂ ਕਿਹਾ ਕਿ ਉਹ ਇਲਾਕੇ ਵਿਚੋਂ ਜ਼ਮੀਨ ਹੇਠਲਾ ਪਾਣੀ ਵਿਖਾ ਰਹੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਜ਼ਮੀਨ ਹੇਠਲਾ ਪਾਣੀ 650 ਫੁੱਟ ਦੀ ਡੂੰਘਾਈ ਤੱਕ ਪ੍ਰਦੁਸ਼ਤ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਸਵਾਲ ਉਹਨਾਂ ਦੀ ਹੋਂਦ ਦਾ ਹੈ।