ਸ੍ਰੀ ਚਮਕੌਰ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 3 ਰੋਜ਼ਾ ਸ਼ਹੀਦੀ ਜੋੜ ਮੇਲਾ ਸ਼ੁਰੂ

ਰੋਪੜ- ਰੋਪੜ ਜ਼ਿਲ੍ਹੇ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਿਕ ਨਗਰੀ ਵਿਖੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦਿਆਂ ਬਾਬਾ ਅਜੀਤ ਸਿੰਘ-ਬਾਬਾ ਜੁਝਾਰ ਸਿੰਘ, 3 ਪਿਆਰੇ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿਮੰਤ ਸਿੰਘ ਸਮੇਤ 40 ਸਿੰਘਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਹੀਦੀ ਜੋੜ ਮੇਲਾ ਅੱਜ ਆਰੰਭ ਹੋ ਗਿਆ ਹੈ। ਇਥੇ ਇਹ ਸ਼ਹੀਦੀ ਜੋੜ ਮੇਲਾ ਤਿੰਨ ਦਿਨਾਂ ਤੱਕ 23 ਦਸੰਬਰ ਤੱਕ ਚੱਲੇਗਾ। ਇਹ ਸ਼ਹੀਦੀ ਜੋੜ ਮੇਲਾ ਹਰ ਸਾਲ ਸ੍ਰੀ ਚਮਕੌਰ ਸਾਹਿਬ ਦੀ ਧਰਤੀ ‘ਤੇ 6-7-8 ਪੋਹ ਨੂੰ ਲੱਗਦਾ ਹੈ ,ਜਿੱਥੇ ਭਾਰੀ ਗਿਣਤੀ ਵਿਚ ਸੰਗਤ ਜੁੜਦੀ ਹੈ ਅਤੇ ਇਸ ਇਤਿਹਾਸਿਕ ਧਰਤੀ ‘ਤੇ ਕੌਮ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦੀ ਹੈ।
ਅੱਜ ਇਤਿਹਾਸਿਕ ਗੁਰਦੁਆਰੇ ਸ੍ਰੀ ਕਤਲਗੜ੍ਹ ਸਾਹਿਬ ,ਸ੍ਰੀ ਗੜ੍ਹੀ ਸਾਹਿਬ,ਸ੍ਰੀ ਦਮਦਮਾ ਸਾਹਿਬ ਸਮੇਤ ਗੁਰਦੁਆਰਾ ਸ੍ਰੀ ਤਾੜੀ ਸਾਹਿਬ,ਸ੍ਰੀ ਰਣਜੀਤ ਗੜ੍ਹ ਸਾਹਿਬ, ਸ਼ਹੀਦ ਬੁਰਜ ਬਾਬਾ ਜੀਵਨ ਸਿੰਘ ਅਤੇ ਸ੍ਰੀ ਬੂੰਗਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 23 ਦੰਸਬਰ ਨੂੰ ਪਾਏ ਜਾਣਗੇ। ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੀ ਅਰਦਾਸ ਹੈਡ ਗ੍ਰੰਥੀ ਗੁਰਬਾਜ ਸਿੰਘ ਵੱਲੋਂ ਕੀਤੀ ਗਈ। ਪਹਿਲੇ ਦਿਨ ਮਹਾਨ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਸਿੱਖ ਧਰਮ ਦੇ ਮਹਾਨ ਸੂਰਬੀਰ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਪਹਿਲੇ ਲੋਕਤੰਤਰੀ ਗੁਰਮਤੇ ਦੀ ਸਰਜ਼ਮੀਨ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜਾਦਿਆਂ ਅਤੇ 40 ਸਿੰਘਾਂ ਨੇ 1704 ਈਂ ਨੂੰ ਮੁਗਲ ਫ਼ੌਜਾਂ ਨਾਲ ਲੜਦਿਆਂ ਸ਼ਹਾਦਤ ਦੇ ਜਾਮ ਪੀਤੇ ਸਨ ਅਤੇ ਇਸ ਧਰਤੀ ‘ਤੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਾ ਬੀਬੀ ਸ਼ਰਨ ਕੌਰ ਨੇ ਮੁਗਲਾਂ ਦੇ ਵਿਰੋਧ ਵਿਚ ਬੜਾ ਹੌਂਸਲਾ ਕਰਕੇ ਸਸਕਾਰ ਕੀਤਾ ਸੀ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਭਾਰੀ ਆਮਦ ਦੇ ਮੱਦੇਨਜ਼ਰ ਲੋੜਿੰਦੇ ਪ੍ਰਬੰਧ ਕੀਤੇ ਗਏ ਹਨ |

Leave a Reply

Your email address will not be published. Required fields are marked *