ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਕੋਰ ਕਮੇਟੀ ਦੇ ਐਲਾਨ ਤੋਂ ਬਾਅਦ ਸੀਨੀਅਰ ਆਗੂ ਜਗਮੀਤ ਬਰਾੜ ਨੇ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਬਰਾੜ ਨੇ ਉਨ੍ਹਾਂ ਵਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਦੀ 9 ਦਸੰਬਰ ਨੂੰ ਬਕਾਇਦਾ ਮੀਟਿੰਗ ਵੀ ਸੱਦ ਲਈ ਹੈ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਜਗਮੀਤ ਬਰਾੜ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਬਰਾੜ ਨੇ ਉਨ੍ਹਾਂ ਵਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਮੇਤ 12 ਆਗੂ ਸ਼ਾਮਲ ਹੋਣ ਦਾ ਦਾਅਵਾ ਕੀਤਾ ਸੀ।
ਇਸ ਦੇ ਨਾਲ ਹੀ ਬਰਾੜ ਨੇ ਇਸ ਬਾਗੀ ਕਮੇਟੀ ਵਿਚ ਰਵੀ ਕਰਨ ਸਿੰਘ ਕਾਹਲੋਂ, ਸੁੱਚਾ ਸਿੰਘ ਛੋਟੇਪੁਰ ਅਤੇ ਅਲਵਿੰਦਰਪਾਲ ਸਿੰਘ ਪੱਖੋਕੇ ਦੇ ਵੀ ਸ਼ਾਮਲ ਹੋਣ ਦੀ ਗੱਲ ਆਖੀ ਸੀ। ਜਦਕਿ ਇਸ ਦੇ ਉਲਟ ਇਨ੍ਹਾਂ ਆਗੂਆਂ ਨੇ ਨਾ ਸਿਰਫ ਖੁਦ ਨੂੰ ਜਗਮੀਤ ਬਰਾੜ ਦੀ ਤਾਲਮੇਲ ਕਮੇਟੀ ਤੋਂ ਵੱਖ ਕਰ ਲਿਆ ਹੈ ਸਗੋਂ ਬਰਾੜ ਵਲੋਂ ਉਨ੍ਹਾਂ ਦਾ ਨਾਂ ਲਏ ਜਾਣ ’ਤੇ ਵੀ ਜਵਾਬੀ ਹਮਲਾ ਵੀ ਬੋਲਿਆ ਹੈ।