ਸੁਲਤਾਨਪੁਰ ਲੋਧੀ- ਥਾਣਾ ਸੁਲਤਾਨਪੁਰ ਲੋਧੀ ਅਧੀਨ ਇਥੋਂ 8 ਕਿਲੋਮੀਟਰ ਦੂਰ ਪਿੰਡ ਡਡਵਿੰਡੀ ਵਿਖੇ ਦੋ ਭਰਾਵਾਂ ਦੇ ਪਰਿਵਾਰਾਂ ’ਚ ਰਸਤੇ ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ। ਝਗੜੇ ਦੌਰਾਨ ਦੋਹਾਂ ਧਿਰਾਂ ਦੇ ਹੀ 9 ਮੈਂਬਰਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹੋਰ ਜਾਣਕਾਰੀ ਅਨੁਸਾਰ ਸਥਾਨਕ ਪੁਲਸ ਵੱਲੋਂ ਵੀ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਅਧੀਨ ਇਕ ਧਿਰ ਦੇ ਮੋਹਨ ਸਿੰਘ ਪੁੱਤਰ ਦਲੀਪ ਸਿੰਘ, ਸੰਤੋਖ ਸਿੰਘ ਪੁੱਤਰ ਦਲੀਪ ਸਿੰਘ, ਹਰਦੀਪ ਸਿੰਘ ਪੁੱਤਰ ਸੰਤੋਖ ਸਿੰਘ, ਅਮਨਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਅਤੇ ਹਰਦੀਪ ਸਿੰਘ ਦੀ ਪਤਨੀ ਵੀ ਜ਼ਖ਼ਮੀਆਂ ’ਚ ਸ਼ਾਮਲ ਹਨ, ਜਦਕਿ ਦੂਜੀ ਧਿਰ ਦੇ ਜ਼ਖ਼ਮੀਆਂ ’ਚ ਅਨਮੋਲਦੀਪ ਸਿੰਘ ਪੁੱਤਰ ਜਸਬੀਰ ਸਿੰਘ, ਸੁਰਜੀਤ ਕੌਰ ਪਤਨੀ ਸੁੱਚਾ ਸਿੰਘ, ਗੁਰਸ਼ਰਨ ਕੌਰ ਪਤਨੀ ਜਸਵੀਰ ਸਿੰਘ, ਰਾਜਵੀਰ ਪੁੱਤਰ ਜਸਵੀਰ ਸਿੰਘ ਜ਼ੇਰੇ ਇਲਾਜ ਹਨ ।
ਮੋਹਨ ਸਿੰਘ ਡਡਵਿੰਡੀ ਨੇ ਦੱਸਿਆ ਕਿ ਉਹ ਆਸਟਰੇਲੀਆ ਤੋਂ ਆਇਆ ਹੈ ਅਤੇ ਉਸ ਦੀ ਧੀ ਦਾ 4 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁੱਚਾ ਸਿੰਘ ਅਤੇ ਜਸਵੀਰ ਸਿੰਘ ਵਗੈਰਾ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਰਸਤੇ ‘ਤੇ ਮਿੱਟੀ ਪਾਉਣ ਦੇ ਬਹਾਨੇ ਸਾਡੇ ਪਰਿਵਾਰ ’ਤੇ ਹਮਲਾ ਕੀਤਾ ਹੈ ਅਤੇ ਉਹ ਮੇਰੀ ਧੀ ਦੀ ਵਿਆਹ ਸਮਾਗਮ ’ਚ ਖਲੱਲ ਪਾਉਣਾ ਚਾਹੁੰਦੇ ਸਨ। ਉਨ੍ਹਾਂ ਹਥਿਆਰਾਂ ਨਾਲ ਮੇਰੇ ਪਰਿਵਾਰ ਨੂੰ ਜ਼ਖ਼ਮੀ ਕਰ ਦਿੱਤਾ।
ਦੂਜੇ ਪਾਸੇ ਦੂਜੀ ਧਿਰ ਦੇ ਸੁੱਚਾ ਸਿੰਘ ਅਤੇ ਜਸਵੀਰ ਸਿੰਘ ਨੇ ਦੋਸ਼ ਲਗਾਇਆ ਕਿ ਮੋਹਨ ਸਿੰਘ ਵਗੈਰਾ ਨੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਕੀਤਾ ਅਤੇ ਜਖ਼ਮੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਿੱਟੀ ਆਪਣੀ ਜ਼ਮੀਨ ‘ਤੇ ਹੀ ਪਾ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮਾਰ ਦੇਣ ਦੀ ਨੀਅਤ ਨਾਲ ਸਾਡੇ ਪਰਿਵਾਰ ’ਤੇ ਹਮਲਾ ਹੋਇਆ ਹੈ । ਦੋਹਾਂ ਧਿਰਾਂ ਨੇ ਹੀ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਆਰੰਭ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਏ ਗਏ, ਉਨ੍ਹਾਂ ਖਿਲਾਫ਼ ਕੇਸ ਦਰਜ ਹੋਵੇਗਾ ।