ਕੋਟਕਪੂਰਾ, 17 ਨਵੰਬਰ
ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਦੀ ਹੱਤਿਆ ਦੇ ਮਾਮਲੇ ’ਚ ਪੁਲੀਸ ਨੇ ਤਿੰਨ ਹੋਰ ਮੁਲਜ਼ਮਾਂ ਮਨਪ੍ਰੀਤ ਸਿੰਘ ਉਰਫ਼ ਮਨੀ, ਭੁਪਿੰਦਰ ਸਿੰਘ ਉਰਫ਼ ਗੋਲਡੀ ਅਤੇ ਬਲਜੀਤ ਸਿੰਘ ਉਰਫ਼ ਮੰਨਾ ਨੂੰ ਕਾਬੂ ਕੀਤਾ ਹੈ। ਫ਼ਰੀਦਕੋਟ ਪੁਲੀਸ, ਸੀਆਈਏ ਜਲੰਧਰ ਅਤੇ ਹੁਸ਼ਿਆਰਪੁਰ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਇਹ ਕਾਮਯਾਬੀ ਮਿਲੀ ਹੈ। ਮਨਪ੍ਰੀਤ ਸਿੰਘ ਉਰਫ਼ ਮਨੀ ਤੇ ਭੁਪਿੰਦਰ ਸਿੰਘ ਉਰਫ਼ ਗੋਲਡੀ ਵਾਸੀ ਫ਼ਰੀਦਕੋਟ ਨੂੰ ਹੁਸ਼ਿਆਰਪੁਰ ਅਤੇ ਬਲਜੀਤ ਸਿੰਘ ਉਰਫ਼ ਮੰਨਾ ਨੂੰ ਹਰਿਆਣਾ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਸ਼ੂਟਰਾਂ ਨੂੰ ਕੋਟਕਪੂਰਾ ’ਚ ਹਮਲਾਵਰਾਂ ਨੂੰ ਹਥਿਆਰ ਮੁਹੱਇਆ ਕਰਵਾਏ ਸਨ। ਪੰਜਾਬ ਪੁਲੀਸ ਨੇ ਇਸ ਦੀ ਪੁਸ਼ਟੀ ਆਪਣੇ ਸੋਸ਼ਲ ਮੀਡੀਆ ਖ਼ਾਤੇ ’ਤੇ ਇੱਕ ਪੋਸਟ ਪਾ ਕੇ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਦੋ ਨਾਬਾਲਗ ਮੁਲਜ਼ਮਾਂ ਨੂੰ ਰਿਮਾਂਡ ’ਤੇ ਫ਼ਰੀਦਕੋਟ ਲਿਆਂਦਾ ਜਾ ਚੁੱਕਿਆ ਹੈ। 10 ਨਵੰਬਰ ਨੂੰ ਸਵੇਰੇ ਕੋਟਕਪੂਰਾ ਦੇ ਹਰੀ ਨੌ ਰੋਡ ’ਤੇ 6 ਹਥਿਆਰਬੰਦ ਨੌਜਵਾਨਾਂ ਨੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲੇ ਦੌਰਾਨ ਡੇਰਾ ਪ੍ਰੇਮੀ ਦਾ ਸੁਰੱਖਿਆ ਗਾਰਡ ਹਾਕਮ ਸਿੰਘ ਅਤੇ ਗੁਆਂਢੀ ਸਾਬਕਾ ਕੌਂਸਲਰ ਅਮਰ ਸਿੰਘ ਵਿਰਦੀ ਜ਼ਖ਼ਮੀ ਹੋ ਗਏ ਸਨ। ਪ੍ਰਦੀਪ ਸਿੰਘ ਦੀ ਅੰਤਿਮ ਅਰਦਾਸ ਮੌਕੇ ਡੇਰਾ ਪ੍ਰੇਮੀਆਂ ਨੇ ਪੁਲੀਸ ਕਾਰਵਾਈ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਪੁਲੀਸ ਠੀਕ ਦਿਸ਼ਾ ਵੱਲ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹੱਤਿਆ ਕਾਂਡ ਦੇ ਸਾਜ਼ਿਸ਼ਕਾਰਾਂ ਦੇ ਨਾਂ ਸਾਹਮਣੇ ਲਿਆਉਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਡੇਰਾ ਪ੍ਰੇਮੀਆਂ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਬੇਅਦਬੀ ਵਰਗੇ ਸੰਗੀਨ ਮਾਮਲੇ ਵਿਚ ਫਸਾਇਆ ਗਿਆ ਹੈ, ਜਿਸ ਦੀ ਸਰਕਾਰ ਨਿਰਪੱਖ ਜਾਂਚ ਕਰਵਾਏ।