ਲੁਧਿਆਣਾ- ਪੰਜਾਬ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂ ਰਾਮ ਅਤੇ ਕਮਿਸ਼ਨ ਏਜੰਟ ਕ੍ਰਿਸ਼ਨ ਲਾਲ ਖ਼ਿਲਾਫ਼ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਅਜੀਤ ਅਤਰੀ ਦੀ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਇੱਥੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਸਾਬਕਾ ਮੰਤਰੀ ਨੂੰ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਆਈ. ਪੀ. ਸੀ. ਦੀ ਧਾਰਾ 420, 409, 467, 468, 471, 120-ਬੀ ਤੇ ਭ੍ਰਿਸ਼ਟਾਚਾਰ ਨਿਵਾਰਨ ਐਕਟ ਦੀਆਂ ਧਾਰਾਵਾਂ 7, 8, 12, 13(2) ਤਹਿਤ ਪੁਲਸ ਸਟੇਸ਼ਨ ਵੀ. ਬੀ. ਲੁਧਿਆਣਾ ’ਚ ਤੇਲੂ ਰਾਮ ਠੇਕੇਦਾਰ ਅਤੇ ਹੋਰਾਂ ਤੋਂ ਇਲਾਵਾ ਗੁਰਦਾਸ ਰਾਮ ਐਂਡ ਸੰਨਜ਼ ਦੇ ਮਾਲਕ ਅਤੇ ਭਾਗੀਦਾਰਾਂ ਖ਼ਿਲਾਫ਼ ਦਰਜ ਕੀਤਾ ਗਿਆ ਸੀ।
ਉਕਤ ਮੁਲਜ਼ਮਾਂ ਖ਼ਿਲਾਫ਼ ਸੀ. ਆਰ. ਪੀ. ਸੀ. ਦੀ ਧਾਰਾ 173 ਤਹਿਤ 91 ਪੇਜਾਂ ਦਾ ਚਲਾਨ ਪੇਸ਼ ਕੀਤਾ ਗਿਆ ਅਤੇ ਪੂਰੀ ਚਲਾਨ ਫਾਈਲ ’ਚ ਕੁੱਲ 1556 ਦਸਤਾਵੇਜ਼ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਅੱਗੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ’ਚ ਹੋਰ ਮੁਲਜ਼ਮਾਂ ਖ਼ਿਲਾਫ਼ ਪੂਰਕ ਚਲਾਨ ਆਉਣ ਵਾਲੇ ਸਮੇਂ ’ਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸਥਾਨਕ ਅਦਾਲਤ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹਾਈਕੋਰਟ ’ਚ ਵੀ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਵੀ ਹਾਈਕੋਰਟ ਵੱਲੋਂ ਖਾਰਿਜ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਭਾਰਤ ਭੂਸ਼ਣ ਆਸ਼ੂ ਜੇਲ ’ਚ ਬੰਦ ਹਨ।