ਗੁਰਦਾਸਪੁਰ- ਅੰਮ੍ਰਿਤਸਰ ’ਚ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਚੇਅਰਮੈਨ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਦੇ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ’ਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਮੁੱਖ ਹਰਵਿੰਦਰ ਸੋਨੀ ਦੀ ਅਗਵਾਈ ’ਚ ਸਾਰੇ ਹਿੰਦੂ ਸੰਗਠਨਾਂ ਨੇ ਸ਼ਹਿਰ ’ਚ ਰੋਸ ਪ੍ਰਦਰਸ਼ਨ ਕੀਤਾ। ਹਿੰਦੂ ਸੰਗਠਨਾਂ ਵੱਲੋਂ ਖ਼ਾਲਿਸਤਾਨ ਅਤੇ ਅੱਤਵਾਦ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਮੁਕੰਮਲ ਬੰਦ ਰੱਖਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਸ਼ਹਿਰ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਕਿ ਅੰਮ੍ਰਿਤਸਰ ’ਚ ਬੀਤੇ ਦਿਨ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਚੇਅਰਮੈਨ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ਿਵ ਸੈਨਾ ਦੇ ਨਾਲ ਹਿੰਦੂ ਸੰਗਠਨਾਂ ਅਤੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਜ਼ਿਲ੍ਹਾ ਪੁਲਸ ਮੁਖੀ ਦੀਪਕ ਹਿਲੋਰੀ ਦੇ ਨਿਰਦੇਸ਼ਾਂ ’ਤੇ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਥਾਣਾ ਸਿਟੀ, ਥਾਣਾ ਸਦਰ, ਸੀ. ਆਈ. ਏ ਸਟਾਫ਼, ਥਾਣਾ ਤਿੱਬੜ ਸਮੇਤ ਹੋਰ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਅਣਹੋਣੀ ਘਟਨਾ ਨਾ ਵਾਪਰ ਸਕੇ।