ਇੰਟਰਨੈਸ਼ਨਲ ਡੈਸਕ : ਐਮੇਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਮੰਗਲਵਾਰ ਸ਼ਾਮ ਤਕਰੀਬਨ 3 ਵਜੇ 3 ਹੋਰ ਲੋਕਾਂ ਨਾਲ ਪੁਲਾੜ ਦੀ ਸੈਰ ਕੀਤੀ। 10 ਮਿੰਟ ਦੀ ਇਸ ਸੈਰ ’ਤੇ ਬੇਜੋਸ ਦੇ ਨਾਲ ਉਨ੍ਹਾਂ ਦੇ ਭਰਾ ਮਾਰਕ, ਮਰਕਰੀ 13 ਐਵੀਏਟਰ ਵੈਲੀ ਫੰਕ ਤੇ 18 ਸਾਲਾ ਓਲੀਵਰ ਡੇਮੇਨ ਮੌਜੂਦ ਸਨ। ਯਾਤਰਾ ਪੂਰੀ ਕਰਨ ਤੋਂ ਬਾਅਦ ਸਪੇਸ ਕੈਪਸੂਲ ਨੇ ਟੈਕਸਾਸ ’ਚ ਲੈਂਡਿੰਗ ਕੀਤੀ। ਦੁਨੀਆ ਭਰ ਦੀਆਂ ਨਜ਼ਰਾਂ ਇਸ ਪੁਲਾੜ ਯਾਤਰਾ ’ਤੇ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਬ੍ਰਿਿਟਸ਼ ਅਰਬਪਤੀ ਰਿਚਰਡ ਬ੍ਰੈਨਸਨ ਨੇ ਪੁਲਾੜ ਦੀ ਯਾਤਰਾ ਕੀਤੀ ਸੀ। ਅਜਿਹੀ ਹਾਲਤ ’ਚ ਮੰਨਿਆ ਜਾ ਰਿਹਾ ਹੈ ਕਿ ਦੁਨੀਆ ’ਚ ਅਰਬਪਤੀਆਂ ਦੀ ਸਪੇਸ ਰੇਸ ਸ਼ੁਰੂ ਹੋ ਗਈ ਹੈ। ਹਾਲਾਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਸਪੇਸ ਯਾਤਰਾ ਨੂੰ ਸਭ ਲਈ ਮੁਹੱਈਆ ਕਰਾਉਣਾ ਚਾਹੁੰਦੇ ਹਨ।
ਬੇਜੋਸ ਨੇ ਆਪਣੀ ਕੰਪਨੀ ਬਲੂ ਓਰਿਜਨ ਦੇ ਨਿਊ ਸ਼ੈਫਰਡ ਵ੍ਹੀਕਲ ਰਾਹੀਂ ਪੁਲਾੜ ਲਈ ਉਡਾਣ ਭਰੀ । ਇਸ ਦੌਰਾਨ ਸਪੇਸ ਕੈਪਸੂਲ ਦੇ ਅੰਦਰ ਅਰਬਪਤੀ ਨੂੰ ਬੈਠਿਆਂ ਦੇਖਿਆ ਗਿਆ। ਉਥੇ ਹੀ ਇਸ ਯਾਤਰਾ ਦੌਰਾਨ ਦੋ ਰਿਕਾਰਡ ਬਣੇ, ਜਿਨ੍ਹਾਂ ਦੇ ਬਣਨ ਦੀ ਜਾਣਕਾਰੀ ਪਹਿਲਾਂ ਤੋਂ ਹੀ ਲੋਕਾਂ ਨੂੰ ਸੀ। ਇਸ ’ਚ ਪਹਿਲਾ ਰਿਕਾਰਡ ਇਹ ਰਿਹਾ ਕਿ ਵੈਲੀ ਫੰਕ ਸਪੇਸ ਜਾਣ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ, ਉਥੇ ਹੀ ਦੂਸਰਾ ਰਿਕਾਰਡ ਇਹ ਬਣਿਆ ਕਿ 18 ਸਾਲਾ ਓਲੀਵਰ ਡੇਮੇਨ ਸਪੇਸ ’ਚ ਜਾਣ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ। ਯਾਤਰਾ ਦੌਰਾਨ ਸਾਰੇ ਐਸਟ੍ਰੋਨੋਟਸ ਦੇ ਚਿਹਰਿਆਂ ’ਤੇ ਉਤਸ਼ਾਹ ਨੂੰ ਦੇਖਿਆ ਜਾ ਸਕਦਾ ਸੀ।