ਸਾਹਨੇਵਾਲ- ਹਨੇਵਾਲ ਕੁਹਾੜਾ ਰੋਡ ’ਤੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਤੋਂ ਬਾਅਦ ਅਚਾਨਕ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਿਸੇ ਤਰ੍ਹਾ ਰਾਹਗੀਰਾਂ ਨੇ ਕਾਰ ਚਾਲਕ ਬਜ਼ੁਰਗ ਨੂੰ ਬਾਹਰ ਕੱਢਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਨਿਵਾਸੀ ਕਾਰ ਸਵਾਰ ਬਜ਼ੁਰਗ ਪ੍ਰਭਜੀਤ ਸਿੰਘ ਹਾਲ ਵਾਸੀ ਦੋਰਾਹਾ ਨੇ ਦੱਸਿਆ ਕਿ ਉਹ ਆਪਣੀ ਆਟੋਮੈਟਿਕ ਬੈਲੀਨੋ ਕਾਰ ’ਚ ਸਾਹਨੇਵਾਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਚਾਲਕ ਸੰਦੀਪ ਸਿੰਘ ਵਾਸੀ ਕੈਥਲ, ਹਰਿਆਣਾ ਦੀ ਕਾਰ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਅਚਾਨਕ ਕਾਰ ਨੂੰ ਅੱਗ ਲੱਗ ਗਈ ਅਤੇ ਦੇਖਦਿਆਂ ਦੇਖਦਿਆਂ ਕਾਰ ’ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਸ ਪਾਰਟੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਮੌਕੇ ’ਤੇ ਪਹੁੰਚੀ। ਘਟਨਾ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਸ ਨੇ ਦਾਅਵਾ ਕੀਤਾ ਕਿ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੇ ਬਾਅਦ ਮੋਟਰਸਾਈਕਲ ਦੇ ਸੜਕ ਉਪੱਰ ਡਿੱਗਣ ਕਾਰਨ ਉਸਦੀ ਟੈਂਕੀ ’ਚੋਂ ਨਿਕਲਿਆ ਪੈਟਰੋਲ ਸੜਕ ’ਤੇ ਦੂਰ ਤੱਕ ਡੁੱਲ ਗਿਆ ਅਤੇ ਗੱਡੀ ਦੇ ਇੰਜਣ ਨੇ ਅੱਗ ਫੜ ਲਈ। ਬਾਕੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਲੱਗਣ ਤੋਂ ਬਾਅਦ ਕਾਰ ਬੁਰੀ ਤਰ੍ਹਾ ਨੁਕਸਾਨੀ ਗਈ। ਹਾਦਸੇ ਦੌਰਾਨ ਕਾਰ ਚਾਲਕ ਅਤੇ ਮੋਟਰਸਾਈਕਲ ਚਾਲਕ ਸੁਰੱਖਿਅਤ ਸਨ।