ਚੰਡੀਗੜ੍ਹ, 17 ਜੁਲਾਈ (ਦਲਜੀਤ ਸਿੰਘ)- ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਸੌਂਪਣ ਦਾ ਫੈਸਲਾ ਕਰ ਲਿਆ ਹੈ ਪਰ ਉਸ ਤੋਂ ਪਹਿਲਾਂ ਹਾਈਕਮਾਂਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਤਤਕਾਰ ਦੇ ਮਾਮਲੇ ਹੱਲ ਕਰਵਾਉਣ ਚਾਹੁੰਦੀ ਹੈ ਅਤੇ ਹੋਰ ਆਗੂਆਂ ਨੂੰ ਇਕੋ ਮਾਰਗ ਤੇ ਤੋਰਨਾ ਚਾਹੁੰਦੀ ਹੈ।ਇਸ ਕਰਕੇ ਸਿੱਧੂ ਦੀ ਪ੍ਰਧਾਨਗੀ ਦਾ ਪੱਤਰ ਜਾਰੀ ਹੋਣ ਵਿੱਚ ਕੁੱਝ ਹੋਰ ਸਮਾਂ ਲੱਗੇਗਾ।
ਇਸ ਕਰਕੇ ਸਿੱਧੂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ। ਉਸ ਤੋਂ ਬਾਅਦ ਸੀਨੀਅਰ ਆਗੂ ਲਾਲ ਸਿੰਘ ਨਾਲ ਮੁਲਾਕਾਤ ਕੀਤੀ।ਇਸ ਦੇ ਨਾਲ ਹੀ ਮਾਝਾ ਬਰਗੇਡ ਨਾਲ ਗੱਲਬਾਤ ਕੀਤੀ।ਇਸ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਤੇ ਉਨ੍ਹਾਂ ਦੇ ਗਿਲੇ ਸ਼ਿਕਵੇ ਸੁਣੇ।
ਮੁੱਖ ਮੰਤਰੀ ਨੇ ਰਾਵਤ ਨੂੰ ਕਿਹਾ ਕਿ ਸਿੱਧੂ ਨੇ ਜਿਹੜੇ ਟਵੀਟ ਉਨ੍ਹਾਂ ਦੇ ਖਿਲਾਫ ਕੀਤੇ ਹਨ, ਉਨ੍ਹਾਂ ਲਈ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਵਜ਼ਾਰਤ ਵਿੱਚ ਦੋ ਤਿੰਨ ਤਬਦੀਲੀਆਂ ਦੀ ਵੀ ਗੱਲ ਕੀਤੀ ਹੈ। ਪਤਾ ਲੱਗਾ ਹੈ ਕਿ ਰਾਵਤ ਨੇ ਕੈਪਟਨ ਨੂੰ ਪ੍ਰਧਾਨਗੀ ਬਾਰੇ ਹਾਈਕਮਾਂਡ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਹਾਈਕਮਾਂਡ ਨੂੰ ਉਨ੍ਹਾਂ ਦੀ ਰਾਏ ਤੋਂ ਜਾਣੂ ਕਰਵਾ ਦੇਣਗੇ। ਇਸ ਕਰਕੇ ਸਿੱਧੂ ਨੂੰ ਪ੍ਰਧਾਨਗੀ ਦਾ ਪੱਤਰ ਮਿਲਣ ਵਿਚ ਕੁਝ ਹੋਰ ਸਮਾਂ ਲੱਗੇਗਾ।