ਚੰਡੀਗੜ੍ਹ- ਪੰਜਾਬ ਦੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਦੀ 2 ਮਹੀਨੇ ਦੀ ਛੁੱਟੀ 4 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ ਹੁਣ ਉਨ੍ਹਾਂ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਆਪਣੀ ਛੁੱਟੀ ਨੂੰ ਅੱਗੇ ਵਧਾਉਂਦੇ ਹਨ ਜਾਂ ਨਹੀਂ। ਜਾਣਕਾਰੀ ਮੁਤਾਬਕ 1987 ਬੈਚ ਦੇ ਅਧਿਕਾਰੀ ਵੀ. ਕੇ. ਭਾਵਰਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਪੱਤਰ ਲਿਖ ਕੇ ਕੇਂਦਰੀ ਡੈਪੁਟੇਸ਼ਨ ‘ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਅਜੇ ਤੱਕ ਯੂ. ਪੀ. ਐੱਸ. ਸੀ. ਪੈਨਲ ਨੂੰ ਪੰਜਾਬ ਦੇ ਅਗਲੇ ਡੀ. ਜੀ. ਪੀ. ਦੀ ਨਿਯੁਕਤੀ ਲਈ ਕੋਈ ਨਾਂ ਨਹੀਂ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਵੀ. ਕੇ. ਭਾਵਰਾ ਦੇ ਕਰੀਬੀ ਕੁੱਝ ਉੱਚ ਅਧਿਕਾਰੀ ਉਨ੍ਹਾਂ ਨੂੰ ਵਾਪਸ ਜੁਆਇਨ ਕਰਨ ਲਈ ਜ਼ੋਰ ਪਾ ਰਹੇ ਹਨ, ਜਦੋਂ ਤੱਕ ਉਨ੍ਹਾਂ ਨੂੰ ਕੇਂਦਰੀ ਡੈਪੁਟੇਸ਼ਨ ਲਈ ਕੋਈ ਸਕਾਰਾਤਮਕ ਜਵਾਬ ਨਹੀਂ ਮਿਲ ਜਾਂਦਾ। ਜਾਣਕਾਰੀ ਮੁਤਾਬਕ 5 ਜੁਲਾਈ, 2022 ਨੂੰ ਛੁੱਟੀ ‘ਤੇ ਜਾਣ ਤੋਂ ਕੁੱਝ ਦਿਨ ਪਹਿਲਾਂ ਵੀ. ਕੇ. ਭਾਵਰਾ ਨੇ ਕੇਂਦਰੀ ਡੈਪੁਟੇਸ਼ਨ ‘ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕੇਂਦਰ ‘ਚ ਤਾਇਨਾਤੀ ਦਾ ਲਾਭ ਲੈਣ ਦੀ ਪੇਸ਼ਕਸ਼ ਕੀਤੀ ਸੀ।
ਪੰਜਾਬ ਸਰਕਾਰ ਸੂਬੇ ‘ਚ ਵਿਗੜਦੀ ਕਾਨੂੰਨ ਵਿਵਸਥਾ, ਖ਼ਾਸ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਵੀ. ਕੇ. ਭਾਵਰਾ ਤੋਂ ਨਾਖ਼ੁਸ਼ ਸੀ, ਜਿਸ ਕਾਰਨ ਸੰਗਰੂਰ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਾਰ ਹੋਈ ਸੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀ ਨਿਰਧਾਰਿਤ ਪ੍ਰਕਿਰਿਆ ਮੁਤਾਬਕ ਯੂ. ਪੀ. ਐੱਸ. ਸੀ. ਰਾਹੀਂ ਨਿਯੁਕਤ ਕੀਤੇ ਗਏ ਡੀ. ਜੀ. ਪੀ. ਨੂੰ 2 ਸਾਲ ਪੂਰੇ ਹੋਣ ਤੋਂ ਪਹਿਲਾਂ ਸੂਬਾ ਸਰਕਾਰ ਹਟਾ ਨਹੀਂ ਸਕਦੀ। ਇਹ ਵੀ ਦੱਸਣਯੋਗ ਹੈ ਕਿ ਵੀ. ਕੇ. ਭਾਵਰਾ ਨੂੰ ਚੰਨੀ ਸਰਕਾਰ ਵੇਲੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਨਿਯੁਕਤ ਕੀਤਾ ਗਿਆ ਸੀ।