ਜ਼ੀਰਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅੱਜ ਸਿਵਲ ਕੋਰਟ ਜ਼ੀਰਾ ਵਿਖੇ ਪੇਸ਼ ਹੋਏ। ਦੱਸ ਦੇਈਏ ਸਾਲ 2017 ‘ਚ ਸੁਖਬੀਰ ਬਾਦਲ ਸਮੇਤ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ੀਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਮੱਖੂ ਦੇ ਨਜ਼ਦੀਕ ਬਣੇ ਬੰਗਾਲੀ ਵਾਲਾ ਪੁਲ ‘ਤੇ ਰੋਡ ਜਾਮ ਕੀਤਾ ਗਿਆ ਸੀ। ਇਸ ਮਾਮਲੇ ‘ਚ ਅੱਜ ਜ਼ੀਰਾ ਦੀ ਸਿਵਲ ਕੋਰਟ ‘ਚ ਉਨ੍ਹਾਂ ਦੀ ਪੇਸ਼ੀ ਸੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜ਼ੀਰਾ ਸਿਵਲ ਕੋਰਟ ‘ਚ ਪੇਸ਼ੀ ਹੋਣ ਕਾਰਨ ਉਹ SIT ਸਾਹਮਣੇ ਪੇਸ਼ ਨਹੀਂ ਹੋ ਸਕੇ।
ਪੱਤਰਕਾਰਾਂ ਵੱਲੋਂ ਸੁਖਬੀਰ ਬਾਦਲ ਵੱਲੋਂ ਅੱਜ ਸਿੱਟ ਦੇ ਸਾਹਮਣੇ ਨਾ ਪੇਸ਼ ਹੋਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਅੱਜ ਸਿਵਲ ਕੋਰਟ ਜ਼ੀਰਾ ਵਿਖੇ ਪੇਸ਼ੀ ਸੀ ਜਿਸ ਕਾਰਨ ਉਹ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ । ਇਸ ਮੌਕੇ ਉਨ੍ਹਾਂ ਨੇ ‘ਆਪ’ ਸਰਕਾਰ ਬਾਰੇ ਤਿੱਖੇ ਸ਼ਬਦ ਵੀ ਬੋਲੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੀ ਸੂਬੇ ਅੰਦਰ ਸਭ ਤੋਂ ਵੱਧ ਨਾਜਾਇਜ਼ ਮਾਈਨਿੰਗ ਕਰਵਾ ਰਹੀ ਹੈ ਅਤੇ ਪੰਜਾਬ ‘ਚ ਵਧ ਰਹੇ ਗੈਂਗਸਟਰਵਾਦ ‘ਤੇ ਵੀ ਉਨ੍ਹਾਂ ਵੱਲੋਂ ਕੋਈ ਗੌਰ ਨਹੀਂ ਕੀਤਾ ਜਾ ਰਿਹਾ ।