ਜਲੰਧਰ, 16 ਜੁਲਾਈ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਲੰਧਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ (ਡੀ. ਪੀ. ਆਈ) ਦੇ ਆਗੂ ਪੁਰਸ਼ੋਤਮ ਚੱਢਾ ਨੇ ਕਿਹਾ ਕਿ ਸਾਡੀ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ 117 ਹਲਕਿਆਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰੇਗੀ। ਡੈਮੋਕ੍ਰੈਟਿਕ ਪਾਰਟੀ ਆਫ਼ ਇੰਡੀਆ ਵੱਲੋਂ ਅਕਾਲੀ-ਬਸਪਾ ਗਠਜੋੜ ਦੇ ਸਮਰਥਨ ਵਿੱਚ ਆਉਣ ਦੇ ਰਸਮੀ ਐਲਾਨ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਤਹਿ ਦਿਲੋਂ ਸੁਆਗਤ ਕੀਤਾ ਗਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਕਈ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਿਹੜੀਆਂ-ਜਿਹੜੀਆਂ ਪੰਜਾਬ ਹਿਤੈਸ਼ੀ ਪਾਰਟੀਆਂ ਹਨ, ਉਹ ਸਾਡੇ ਨਾਲ ਜੁੜਨ ਲਈ ਤਿਆਰ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਮੇਂ ਹੱਥੀ ਲੈਂਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਦਾ ਨਿਸ਼ਾਨਾ ਕੈਪਟਨ ਨੂੰ ਢਾਹੁਣਾ ਹੈ ਨਾ ਕਿ ਪੰਜਾਬ ਨੂੰ ਬਚਾਉਣਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਢਾਹੁਣ ਦਾ ਆਪਣਾ ਮਕਸਦ ਪੂਰਾ ਕੀਤਾ ਹੈ। ਹੁਣ ਵੇਖਦੇ ਹਾਂ ਕਿ ਕੌਣ ਕਿਸ ਨੂੰ ਢਾਹੁੰਦਾ ਹੈ। ਨਿਸ਼ਾਨਾ ਪੰਜਾਬ ਨਹੀਂ ਹੈ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਐਲਾਨ ’ਤੇ ਸੁਖਬੀਰ ਬਾਦਲ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ ਅਤੇ ਪਹਿਲਾਂ ਕੇਜਰੀਵਾਲ ਦਿੱਲੀ ’ਚ 300 ਯੂਨਿਟ ਦੀ ਮੁਫ਼ਤ ਬਿਜਲੀ ਦੇਣ।
ਪ੍ਰੈੱਸ ਕਾਨਫੰਰਸ ’ਚ ਕੇਜਰੀਵਾਲ ਨੇ ਖ਼ੁਦ ਕਿਹਾ ਹੈ ਕਿ ਜੇਕਰ 300 ਯੂਨਿਟ ਤੋਂ ਵੀ ਇਕ ਯੂਨਿਟ ਵੀ ਵੱਧ ਬਿਜਲੀ ਹੁੰਦੀ ਹੈ ਤਾਂ ਸਾਰੇ 300 ਯੂਨਿਟ ਦਾ ਬਿੱਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਜੋ ਬਿਜਲੀ ਦੇ ਰੇਟ ਸਨ, ਉਨ੍ਹਾਂ ਤੋਂ 40 ਫ਼ੀਸਦੀ ਤੱਕ ਹੁਣ ਹੋਰ ਵੱਧ ਗਏ ਹਨ। ਅਸੀਂ ਆਪਣੀ ਸਰਕਾਰ ਦੇ ਵੇਲੇ ਜਿੰਨੇ ਵੀ ਵਾਅਦੇ ਕੀਤੇ ਸਨ, ਉਹ 95 ਫ਼ੀਸਦੀ ਅਸੀਂ ਪੂਰੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਸਰਕਾਰ ਦਾ ਮਕਸਦ ਸਾਰੇ ਧਰਮਾਂ, ਵਰਗਾਂ ਨੂੰ ਇੱਕਠੇ ਕਰਕੇ ਪੰਜਾਬ ਵਿਚ ਇਕ ਵਧੀਆ ਸਰਕਾਰ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸਹੂਲਤਾਂ ਅੱਜ ਪੰਜਾਬ ’ਚ ਮਿਲ ਰਹੀਆਂ ਹਨ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਵੀ ਸ਼ੁਰੂ ਕੀਤੀਆਂ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਲ 2022 ’ਚ ਗਰੀਬ, ਮਜ਼ਦੂਰ, ਵਪਾਰੀ ਦੀ ਸਾਂਝੀ ਅਕਾਲੀ ਦਲ ਦੀ ਸਰਕਾਰ ਬਣੇਗੀ। ਇਹ ਪਾਰਟੀ ਪੰਜਾਬੀਆਂ ਦੀ ਪਾਰਟੀ ਹੈ। ਅਸੀਂ ਲੋਕਾਂ ਦੇ ਦੁਖ ਜਾਣਦੇ ਹਾਂ। ਅਰਵਿੰਦ ਕੇਜਰੀਵਾਲ ਅਤੇ ਸੋਨੀਆ ਗਾਂਧੀ ਆਪਣਾ ਹਿਸਾਬ ਵੇਖ ਕੇ ਫ਼ੈਸਲਾ ਕਰਦੇ ਹਨ ਜਦਕਿ ਅਸੀਂ ਆਪਣਾ ਪੰਜਾਬ ਵੇਖ ਕੇ ਫ਼ੈਸਲਾ ਕਰਦੇ ਹਾਂ।