ਫਰੀਦਕੋਟ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਜ 10 ਦਿਨਾਂ ਦਾ ਰਿਮਾਂਡ ਖ਼ਤਮ ਹੋ ਗਿਆ ਹੈ। ਪਿਛਲੇ 10 ਦਿਨਾਂ ਤੋਂ ਮੋਗਾ ਪੁਲਸ 209/21 ਮੁਕੱਦਮੇ ‘ਚ ਉਸ ਕੋਲੋਂ ਪੁੱਛਗਿਛ ਕਰ ਰਹੀ ਸੀ। ਅੱਜ ਰਿਮਾਂਡ ਖ਼ਤਮ ਹੋਣ ‘ਤੇ ਉਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ , ਜਿਸ ਦੌਰਾਨ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਫਰੀਦਕੋਟ ਪੁਲਸ ਨੂੰ ਸੌਂਪ ਦਿੱਤਾ ਹੈ। ਉੱਥੇ ਹੀ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਮੋਗਾ ਪੁਲਸ ਨੂੰ ਇਸੇ ਮਾਮਲੇ ਦੇ ਵਿੱਚ ਟਰਾਂਜ਼ਿਟ ਰਿਮਾਂਡ ਮਿਲਿਆ ਹੈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਥੋੜ੍ਹੀ ਦੇਰ ਤੱਕ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।
ਕੀ ਸੀ ਮਾਮਲਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ‘ਚ ਡਿਪਟੀ ਮੇਅਰ ਦੇ ਭਤੀਜੇ ‘ਤੇ ਦੋ ਅਣਪਛਾਤਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਫਾਇਰਿੰਗ ਵਿੱਚ ਅਸਫ਼ਲ ਰਹੇ 2 ਬਦਮਾਸ਼ਾਂ ‘ਚੋਂ ਇਕ ਬਦਮਾਸ਼ ਮਨੂੰ ਡਾਗਰ ਨੂੰ ਮੌਕੇ ‘ਤੇ ਹੀ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਸ਼ੂਟਰਾਂ ਨੇ ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਡਿਪਟੀ ਮੇਅਰ ਦਾ ਭਤੀਜਾ ਘਰ ਤੋਂ ਆਪਣੇ ਫਾਈਨਾਂਸ ਦਫ਼ਤਰ ਜਾ ਰਹੇ ਸੀ। ਜਦੋਂ ਉਹ ਸ਼ਿਵ ਡੇਅਰੀ ਨਾਨਕ ਨਗਰੀ , ਮੋਗਾ ਕੋਲ ਪੁੱਜੇ ਤਾਂ ਉਸ ਦੇ ਬਰਾਬਰ ਆ ਰਹੇ 2 ਮੋਟਰਸਾਇਕਲ ਸਵਾਰ ਨੌਜਵਾਨਾਂ ਦੇ ਵਿੱਚੋਂ ਇਕ ਦੇ ਹੱਥ ‘ਚ ਪਿਸਟੌਲ ਫੜੀ ਹੋਈ ਸੀ, ਜੋ ਕਿ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਆਏ ਸੀ। ਗੋਲ਼ੀ ਨਾ ਲੱਗਣ ਕਾਰਨ ਉਸ ਦੀ ਜਾਨ ਬਚ ਗਈ।