ਚੰਡੀਗੜ੍ਹ, 30 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੁਣ ਤੱਕ 9053 ਏਕੜ ਜ਼ਮੀਨਾਂ ਨਾਜਾਇਜ਼ ਕਬਜ਼ੇ ‘ਚੋਂ ਛੁਡਾ ਕੇ ਪੰਚਾਇਤ ਅਤੇ ਜੰਗਲਾਤ ਵਿਭਾਗ ਨੂੰ ਦੇ ਦਿੱਤੀਆਂ ਹਨ। ਅਸੀਂ ਜਿਹੜੀ ਜ਼ਮੀਨ ਛੁਡਾਈ ਹੈ, ਉਸ ‘ਚ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ, ਜੁਆਈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਦੇ ਨਾਂਅ ਜ਼ਮੀਨ ਰਹੀ ਹੈ। ਇਸ ‘ਤੇ ਜਾਂਚ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਪੰਚਾਇਤ ਦੀ ਜ਼ਮੀਨ ਇਨ੍ਹਾਂ ਦੇ ਨਾਂਅ ‘ਤੇ ਹੋਈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਹਜ਼ਾਰਾਂ ਏਕੜ ਅਜਿਹੀ ਜ਼ਮੀਨ ਹੈ, ਜਿਸ ‘ਤੇ ਕੁੱਝ ਰਾਜਨੀਤਿਕ ਲੋਕਾਂ ਨੇ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਅਸੀਂ 1 ਮਈ ਤੋਂ ਇਨ੍ਹਾਂ ਜ਼ਮੀਨਾਂ ਨੂੰ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅਸੀਂ ਕੱਲ੍ਹ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ ਤੋਂ 2828 ਏਕੜ ਪੰਚਾਇਤ ਜ਼ਮੀਨ ਮੁਕਤ ਕਰਵਾਈ ਹੈ।