ED ਨੇ ਸੋਨੀਆ ਗਾਂਧੀ ਕੋਲੋਂ ਦੋ ਘੰਟਿਆਂ ਤਕ ਕੀਤੀ ਪੁੱਛਗਿੱਛ, ਕਾਂਗਰਸ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ– ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਦੂਜੇ ਪਾਸੇ ਗਾਂਧੀ ਤੋਂ ਪੁੱਛਗਿੱਛ ਦੇ ਵਿਰੋਧ ’ਚ ਪੂਰੇ ਦੇਸ਼ ’ਚ ਕਾਂਗਰਸ ਪਾਰਟੀ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਕਈ ਨੇਤਾਵਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰੀਬ ਦੋ ਘੰਟਿਆਂ ਤਕ ਚੱਲੀ ਇਸ ਮਗਰੋਂ ਸੋਨੀਆ ਗਾਂਧੀ ਦੀ ਅਪੀਲ ‘ਤੇ ਪੁੱਛਗਿੱਛ ਸੈਸ਼ਨ ਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਕੋਵਿਡ-19 ਤੋਂ ਠੀਕ ਹੋ ਰਹੀ ਹੈ। ਕੁਝ ਦਿਨਾਂ ’ਚ ਉਨ੍ਹਾਂ ਨੂੰ ਅਗਲੇ ਦੌਰ ਦੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਕੋਵਿਡ-19 ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਪੁੱਛਗਿੱਛ ਕੀਤੀ ਗਈ। ਸੋਨੀਆ ਗਾਂਧੀ ਤੋਂ ਵੀ ਉਸੇ ਸਹਾਇਕ ਨਿਰਦੇਸ਼ਕ ਪੱਧਰ ਦੇ ਜਾਂਚ ਅਧਿਕਾਰੀ ਨੇ ਪੁੱਛਗਿੱਛ ਕੀਤੀ, ਜਿਸਨੇ ਇਸ ਮਾਮਲੇ ’ਚ ਰਾਹੁਲ ਗਾਂਧੀ ਕੋਲੋਂ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਟੀਮ ’ਚ ਮਹਿਲਾ ਅਧਿਕਾਰੀ ਵੀ ਸ਼ਾਮਲ ਸਨ। ਸੰਸਦ ’ਚ ਵੀਕਾਂਗਸ ਪ੍ਰਧਾਨ ਨੂੰ ਤਲਬ ਕੀਤੇ ਜਾਣ ਦੇ ਮਾਮਲੇ ਦੀ ਗੂੰਜ ਸੁਣਾਈ ਦਿੱਤੀ।
ਸੋਨੀਆ ਗਾਂਧੀ ‘Z+’ ਸੁਰੱਖਿਆ ਘੇਰੇ ਦੇ ਵਿਚਕਾਰ ਦੁਪਹਿਰ ਨੂੰ ਕੇਂਦਰੀ ਦਿੱਲੀ ਦੇ ਏ.ਪੀ.ਜੇ. ਅਬਦੁਲ ਕਲਾਮ ਰੋਡ ‘ਤੇ ਵਿਧੁਤ ਲੇਨ ਸਥਿਤ ਸੰਘੀ ਜਾਂਚ ਏਜੰਸੀ ਦੇ ਮੁੱਖ ਦਫਤਰ ਪਹੁੰਚੇ ਸਨ। ਸੂਤਰਾਂ ਨੇ ਦੱਸਿਆ ਕਿ ਸੰਮਨ ਦੀ ਤਸਦੀਕ ਅਤੇ ਹਾਜ਼ਰੀ ਰਜਿਸਟਰ ‘ਤੇ ਦਸਤਖ਼ਤ ਕਰਨ ਵਰਗੀਆਂ ਕੁਝ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦੁਪਹਿਰ ਕਰੀਬ 12:30 ਵਜੇ ਪੁੱਛਗਿੱਛ ਸ਼ੁਰੂ ਹੋਈ। ਸੂਤਰਾਂ ਨੇ ਦੱਸਿਆ ਕਿ ਉਹਨਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਜਲਦ ਛੱਡਣ ਦੀ ਬੇਨਤੀ ਕੀਤੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।

ਦੂਜੇ ਪਾਸੇ ਕਾਂਗਰਸ ਆਗੂਆਂ ਵੱਲੋਂ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈ.ਡੀ. ਵੱਲੋਂ ਪੁੱਛਗਿੱਛ ਕਰਨ ਦਾ ਜਤਾਇਆ ਗਿਆ ਵਿਰੋਧ। ਮੁਜ਼ਾਹਰਾ ਕਰ ਰਹੇ ਕਾਂਗਰਸ ਆਗੂਆਂ ਨੂੰ ਕਈ ਥਾਵਾਂ ’ਤੇ ਪੁਲਿਸ ਨੇ ਹਿਰਾਸਤ ਵਿੱਚ ਲਿਆ। ਕਈ ਜਗ੍ਹਾਂ ਕਾਂਗਰਸ ਆਗੂਆਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਵੀ ਕੀਤੀ । ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਹੈ। ਇਸੇ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।

Leave a Reply

Your email address will not be published. Required fields are marked *